ਨਵੀਂ ਦਿੱਲੀ: ਅਸਲ ਕੰਟਰੋਲ ਰੇਖਾ (LAC) ਤੇ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਲੱਦਾਖ਼ ਦੌਰੇ 'ਤੇ ਜਾ ਸਕਦੇ ਹਨ।
ਸੂਤਰਾਂ ਮੁਤਾਬਕ, ਰੱਖਿਆ ਮੰਤਰੀ ਲੱਦਾਖ਼ ਵਿੱਚ ਭਾਰਤ ਦੇ ਫ਼ੌਜੀਆਂ ਦੀ ਤਿਆਰੀ ਦੀ ਸਮੀਖਿਆ ਕਰਨਗੇ। ਇਸ ਦੇ ਨਾਲ ਹੀ ਉਹ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਵੀ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਫ਼ੌਜ ਮੁਖੀ ਐਮ.ਐਮ ਨਰਵਾਣੇ ਵੀ ਮੌਜੂਦ ਹੋਣਗੇ। ਇਸ ਤੋਂ ਇਲਾਵਾ ਉਹ ਗਲਵਾਨ ਵਿਵਾਦ ਵਿੱਚ ਜ਼ਖ਼ਮੀ ਫ਼ੌਜੀਆਂ ਨਾਲ ਵੀ ਰਾਬਤਾ ਕਾਇਮ ਕਰਨਗੇ।
ਸੀਨੀਅਰ ਅਧਿਕਾਰੀਆਂ ਦੀ ਮੀਟਿੰਗ
ਜ਼ਿਕਰ ਕਰ ਦਈਏ ਕਿ ਪੂਰਬੀ ਲੱਦਾਖ਼ ਵਿਵਾਦ ਦੌਰਾਨ ਚੁਸ਼ੂਲ ਵਿੱਚ ਭਾਰਤ ਅਤੇ ਚੀਨ ਦਰਮਿਆਨ ਲੈਫਟੀਨੈਂਟ ਜਨਰਨ ਰੈਂਕ ਦੇ ਅਧਿਕਾਰੀਆਂ ਦੀ ਮੰਗਲਵਾਰ ਬੈਠਕ ਹੋਈ ਜੋ ਕਿ ਰਾਤ ਤਕਰੀਬਨ 11 ਵਜੇ ਖ਼ਤਮ ਹੋਈ।
ਚੀਨ ਨੇ 20,000 ਫ਼ੌਜੀ ਕੀਤੇ ਤੈਨਾਤ
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਗੱਲਬਾਤ ਦੌਰਾਨ ਹੀ ਚੀਨ ਨੇ 20 ਹਜ਼ਾਰ ਦੇ ਕਰੀਬ ਫ਼ੌਜ ਐਲਏਸੀ 'ਤੇ ਤੈਨਾਤ ਕਰ ਦਿੱਤੀ ਹੈ ਜੋ ਕਿ ਆਧੁਨਿਕ ਉਪਕਰਨਾ ਨਾਲ ਲੈਸ ਹਨ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਚੀਨ ਦੀਆਂ ਅਜਿਹੀਆਂ ਕਾਰਵਾਈਆਂ ਦੌਰਾਨ ਭਾਰਤ ਨੇ ਵੀ ਆਪਣੀ ਫ਼ੌਜ ਸੀਮਾ 'ਤੇ ਤੈਨਾਤ ਕਰ ਦਿੱਤੀ ਹੈ।
15-16 ਜੂਨ ਦੀ ਦਰਮਿਆਨੀ ਰਾਤ
ਦੱਸ ਦਈਏ ਕਿ 15-16 ਜੂਨ ਦੀ ਦਰਮਿਆਨੀ ਰਾਤ ਦੌਰਾਨ ਚੀਨ ਅਤੇ ਚੀਨ ਫ਼ੌਜ ਵਿੱਚ ਖ਼ੂਨੀ ਛੜਪ ਹੋ ਗਈ ਸੀ ਜਿਸ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਭਾਰਤ ਨੇ ਵੀ ਦਾਅਵਾ ਕੀਤਾ ਹੈ ਕਿ ਇਸ ਵਿਵਾਦ ਵਿੱਚ ਚੀਨ ਦੇ ਵੀ ਕਈ ਫ਼ੌਜੀ ਮਾਰੇ ਗਏ ਸਨ ਪਰ ਇਸ ਬਾਬਤ ਚੀਨੀ ਸਰਕਾਰ ਨੇ ਕੋਈ ਵੀ ਬਿਆਨ ਜਨਤਕ ਨਹੀਂ ਕੀਤਾ ਹੈ।