ਨਵੀਂ ਦਿੱਲੀ : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਦੀ 27 ਨਵੰਬਰ ਨੂੰ ਬਰਸੀ ਸੀ। ਪੀਐਮ ਵੀਪੀ ਸਿੰਘ ਦੇਸ਼ ਦੇ ਅੱਠਵੇਂ ਪ੍ਰਧਾਨ ਮੰਤਰੀ ਸਨ।
ਵੀਪੀ ਸਿੰਘ ਦੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਇੱਕ ਵਧੀਆ ਸਮਾਜ ਸੇਵੀ ਅਤੇ ਰਾਜਨੀਤਕ ਤੌਰ 'ਤੇ ਮਾਹਿਰ ਵਿਅਕਤੀ ਵਜੋਂ ਪਛਾਣ ਸੀ। ਉਨ੍ਹਾਂ ਨੇ ਕਮਿਸ਼ਨ ਦੀ ਸਿਫਾਰਸ਼ਾਂ ਨੂੰ ਮੰਨਦੇ ਹੋਏ ਦੇਸ਼ ਦੇ ਅਨਸੂਚਿਤ ਅਤੇ ਪਿਛੜੇ ਵਰਗ ਦੀ ਰਾਜਨੀਤੀ 'ਚ ਹਿੱਸੇਦਾਰੀ ਉੱਤੇ ਮੋਹਰ ਲਗਾਈ ਸੀ।
ਵੀਪੀ ਸਿੰਘ ਦਾ ਜਨਮ 25 ਜੂਨ 1931 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ (ਪ੍ਰਿਆਗਰਾਜ) ਵਿਖੇ ਹੋਇਆ। ਉਹ ਰਾਜਾ ਬਹਾਦੂਰ ਰਾਏ ਗੋਪਾਲ ਸਿੰਘ ਦੇ ਪੁੱਤਰ ਸਨ। ਉਨ੍ਹਾਂ ਦੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਉੱਤਰ ਪ੍ਰਦੇਸ਼ ਤੋਂ ਹੋਈ। ਸਾਲ 1969 -1971 ਵਿੱਚ ਉਹ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਪਹੁੰਚੇ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਤੌਰ 'ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਵੀਪੀ ਸਿੰਘ 9 ਜੂਨ 1980 ਤੋਂ 28 ਜੂਨ 1982 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ।
ਹੋਰ ਪੜ੍ਹੋ: ਸਹੁੰ ਚੁੱਕ ਸਮਾਗਮ ਲਈ ਊਧਵ ਠਾਕਰੇ ਨੇ PM ਮੋਦੀ ਨੂੰ ਦਿੱਤਾ ਸੱਦਾ
ਇਸ ਤੋਂ ਬਾਅਦ ਵੀਪੀ ਸਿੰਘ 29 ਜਨਵਰੀ 1983 ਨੂੰ ਕੇਂਦਰੀ ਵਪਾਰ ਮੰਤਰੀ ਵੀ ਬਣੇ। ਉਨ੍ਹਾਂ ਨੇ ਰਾਜੀਵ ਗਾਂਧੀ ਦੀ ਸਰਕਾਰ ਦੇ ਵਿਰੁੱਧ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡਾ ਅਭਿਆਨ ਚਲਾਇਆ ਸੀ। ਉਨ੍ਹਾਂ ਨੇ ਸਾਲ 1989 ਦੀਆਂ ਚੋਣਾਂ ਵਿੱਚ ਰਾਜੀਵ ਗਾਂਧੀ ਨੂੰ ਮਾਤ ਦਿੱਤੀ ਸੀ। ਉਨ੍ਹਾਂ ਨੇ ਸਾਲ 1989 ਤੋਂ 1990 ਤੱਕ ਦੇਸ਼ ਦੇ ਅੱਠਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸਾਂਭਿਆ। 27 ਨਵੰਬਰ 2008 ਨੂੰ 77 ਸਾਲ ਦੀ ਉਮਰ ਵਿੱਚ ਵੀਪੀ ਸਿੰਘ ਦਾ ਦੇਹਾਂਤ ਹੋ ਗਿਆ।