ਕੋਲਕਾਤਾ: ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਏ ਗਏ ਵਿਅਕਤੀ ਦੀ ਮੌਤ ਕੋਰੋਨਾ ਵਾਇਰਸ ਨਾਲ ਨਹੀਂ ਹੋਈ। ਸ਼ੂਗਰ ਦੀ ਬਿਮਾਰੀ ਨਾਲ ਪੀੜਤ ਉਕਤ ਵਿਅਕਤੀ ਦੇ ਜਾਂਚ ਨਮੂਨਿਆਂ ਦੇ ਨਤੀਜੇ ਆਉਣ ਤੋਂ ਬਾਅਦ ਸੋਮਵਾਰ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ।
ਸਾਊਦੀ ਅਰਬ ਤੋਂ ਪਰਤੇ 33 ਸਾਲਾ ਨੌਜਵਾਨ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਦੇ ਮੱਦੇਨਜ਼ਰ ਮੁਰਸ਼ਿਦਾਬਾਦ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਸ਼ਨਿਵਾਰ ਨੂੰ ਭਰਤੀ ਕਰਵਾਇਆ ਗਿਆ ਸੀ, ਜਿੱਥੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ ਸੀ।
ਅਧਿਕਾਰੀਆਂ ਨੇ ਕਿਹਾ ਕਿ ਜਾਂਚ ਨਮੂਨਿਆਂ ਦੇ ਨਤਿਜਿਆਂ ਮਗਰੋਂ ਇਹ ਖੁਲਾਸਾ ਹੋਇਆ ਕਿ ਉਸ ਦੀ ਮੌਕ ਕੋਵਿਡ-19 ਕਾਰਨ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ ਤੇ ਕੁਝ ਦਿਨ ਪਹਿਲਾਂ ਹੀ ਉਹ ਸਾਊਦੀ ਅਰਬ ਤੋਂ ਘਰ ਪਰਤਿਆ ਸੀ ਤੇ ਉਸ ਕੋਲ ਇਨਸੁਲਿਨ ਲਈ ਪੈਸੇ ਨਹੀਂ ਸਨ। ਉਨ੍ਹਾਂ ਕਿਹਾ ਕਿ ਸ਼ਾਇਦ ਉਸ ਵਿਅਕਤੀ ਦੀ ਮੌਤ ਸ਼ੂਗਰ ਦੀ ਬਿਮਾਰੀ ਕਾਰਨ ਹੀ ਹੋਈ ਹੋਵੇ।
ਦੱਸਣਯੋਗ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ 'ਤੇ ਮ੍ਰਿਤਕ ਵਿਅਕਤੀ ਦੇ ਸੰਪਰਕ ਵਿੱਚ ਰਹਿਣ ਵਾਲੇ ਕਰੀਬੀਆਂ ਨੂੰ ਵੀ ਆਈਸੋਲੇਸ਼ਨ ਵਾਰਡ 'ਚ ਰੱਖਿਆ ਹੈ। ਜਾਂਚ ਦੇ ਨਤੀਜੇ ਸਹੀ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਘਰ ਭੇਜਿਆ ਜਾਵੇਗਾ।