ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਦੋ ਅੱਤਵਾਦੀਆਂ ਨਾਲ ਫੜੇ ਗਏ ਡੀਐਸਪੀ ਦਵਿੰਦਰ ਸਿੰਘ ਦੀ ਪੁੱਛਗਿੱਛ ਤੋਂ ਬਾਅਦ ਵੱਖ-ਵੱਖ ਏਜੰਸੀਆਂ ਨੇ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਸੌਂਪ ਦਿੱਤੀ ਹੈ। ਪੁੱਛਗਿੱਛ ਦੌਰਾਨ ਸੰਕੇਤ ਮਿਲਿਆ ਕਿ ਡੀਐਸਪੀ ਦੀ ਮਦਦ ਨਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਜਾਂ ਉਸ ਤੋਂ ਪਹਿਲਾਂ ਅੱਤਵਾਦੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।
ਗ੍ਰਹਿ ਮੰਤਰਾਲੇ ਨੂੰ ਸੌਂਪੀ ਗਈ ਰਿਪੋਰਟ ਰਿਸਰਚ ਐਂਡ ਐਨਾਲਿਸਿਸ ਵਿੰਗ, ਇੰਟੈਲੀਜੈਂਸ ਬਿਊਰੋ, ਨੈਸ਼ਨਲ ਇਨਵੇਸਟੀਗੇਸ਼ਨ ਏਜੰਸੀ ਤੇ ਜੰਮੂ-ਕਸ਼ਮੀਰ ਦੀ ਸੀਆਈਡੀ ਵਿੰਗ ਵੱਲੋਂ ਤਿਆਰ ਕੀਤੀ ਗਈ ਹੈ। ਇਹ ਸਾਰੀਆਂ ਏਜੰਸੀਆਂ ਦਵਿੰਦਰ ਸਿੰਘ ਤੋਂ ਪੁੱਛਗਿੱਛ ਕਰ ਰਹੀਆਂ ਸਨ। ਹਾਲਾਂਕਿ ਰਿਪੋਰਟ ਦਾ ਪੂਰੀ ਤਰ੍ਹਾਂ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਹ ਸੰਕੇਤ ਮਿਲਿਆ ਹੈ ਕਿ ਦਵਿੰਦਰ ਹਿਜ਼ਬੁਲ ਮੁਜ਼ਾਹਿਦੀਨ ਵੱਲੋਂ ਰਚੀ ਗਈ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ।
ਜੰਮੂ-ਕਸ਼ਮੀਰ ਤੇ ਲੱਦਾਖ ਦੇ ਐਡੀਸ਼ਨਲ ਸਕੱਤਰ ਗਿਆਨੇਸ਼ ਕੁਮਾਰ ਰਾਹੀਂ ਕੇਂਦਰੀ ਗ੍ਰਹਿ ਸਕੱਤਰ ਨੂੰ ਰਿਪੋਰਟ ਭੇਜੀ ਗਈ ਹੈ। ਗਿਆਨੇਸ਼ ਕੁਮਾਰ ਇਸ ਘਟਨਾ ਦੀ ਨਿਗਰਾਨੀ ਕਰ ਰਹੇ ਹਨ। ਦਵਿੰਦਰ ਸਿੰਘ ਸ੍ਰੀਨਗਰ ਇੰਟਰਨੈਸ਼ਨਲ ਏਅਰਪੋਰਟ ਦੇ ਡੀਐਸਪੀ ਦੇ ਅਹੁਦੇ 'ਤੇ ਤਾਇਨਾਤ ਸੀ।
ਦੱਸਣਯੋਗ ਹੈ ਕਿ ਦਵਿੰਦਰ ਸਿੰਘ ਨੂੰ ਕੁਲਗਾਮ ਜ਼ਿਲ੍ਹੇ ਦੇ ਵਾਨਪੋਹ 'ਚ ਹਿਜ਼ਬੁਲ ਮੁਜ਼ਾਹਿਦੀਨ ਦੇ ਅੱਤਵਾਦੀ ਨਾਵੇਦ ਬਾਬੂ ਤੇ ਉਸ ਦੇ ਸਾਥੀ ਆਸਿਫ਼ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਨਾਵੇਦ ਬਾਬੂ 'ਤੇ ਬੀਤੇ ਸਾਲ ਅਕਤੂਬਰ ਤੇ ਨਵੰਬਰ ਚ ਦੱਖਣੀ ਕਸ਼ਮੀਰ 'ਚ ਟਰੱਕ ਡਰਾਈਵਰਾਂ ਤੇ ਮਜ਼ਦੂਰਾਂ ਸਣੇ 11 ਪ੍ਰਵਾਸੀ ਮਜ਼ਦੂਰਾਂ ਦੀ ਹੱਤਿਆ 'ਚ ਸ਼ਾਮਲ ਹੋਣ ਦਾ ਇਲਜ਼ਾਮ ਹੈ।