ਮੁੰਬਈ: ਚੱਕਰਵਾਤੀ ਤੂਫ਼ਾਨ ਨਿਸਰਗ ਨੇ ਮਹਾਰਾਸ਼ਟਰ ਵਿੱਚ ਦਸਤਕ ਦੇ ਦਿੱਤੀ ਹੈ। ਅਲੀਬਾਗ਼ ਵਿੱਚ ਤੇਜ਼ ਹਵਾਵਾਂ ਨਾਲ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਚੱਕਰਵਾਤ ਨਿਸਰਗ ਦੇ ਮੱਦੇਨਜ਼ਰ ਮੁੰਬਈ ਦੇ ਬਾਂਦਰਾ-ਵਰਲੀ ਸੀ ਲਿੰਕ ਉੱਤੇ ਵਾਹਨਾਂ ਦੀ ਆਵਾਜਾਈ ਉੱਤੇ ਰੋਕ ਲਗਾ ਦਿੱਤੀ ਗਈ ਹੈ।
ਇਲਾਕੇ ਵਿਚ ਤਕਰੀਬਨ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤ ਦਾ ਪਿਛਲਾ ਹਿੱਸਾ ਸਮੁੰਦਰ ਦੇ ਉੱਪਰ ਅਜੇ ਵੀ ਹੈ। ਇਹ ਲਗਭਗ ਇੱਕ ਘੰਟੇ ਵਿੱਚ ਇਲਾਕੇ ਵਿੱਚੋਂ ਲੰਘੇਗਾ।
ਇਸ ਸਮੇਂ ਕੇਂਦਰ ਵਿੱਚ ਚੱਕਰਵਾਤ ਦੀ ਤੀਬਰਤਾ 90 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਹੈ। ਅਗਲੇ ਛੇ ਘੰਟਿਆਂ ਵਿੱਚ, ਇਹ ਉੱਤਰ ਪੂਰਬ ਵੱਲ ਜਾਵੇਗਾ ਅਤੇ ਇੱਕ ਕਮਜ਼ੋਰ ਚੱਕਰਵਾਤੀ ਤੂਫਾਨ ਵਿੱਚ ਬਦਲ ਜਾਵੇਗਾ।
ਦਰਅਸਲ ਬਾਂਦਰਾ-ਵਰਲੀ ਸੀ ਲਿੰਕ ਸਮੁੰਦਰ ਉੱਤੇ ਬਣਿਆ ਹੋਇਆ ਹੈ ਅਤੇ ਚੱਕਰਵਾਤ ਦੇ ਮੱਦੇਨਜ਼ਰ ਉੱਚੀਆਂ ਲਹਿਰਾਂ ਨਾਲ ਖ਼ਤਰਾ ਹੋ ਸਕਦਾ ਹੈ। ਇਸ ਲਈ ਟ੍ਰੈਫ਼ਿਕ ਪੁਲਿਸ ਨੇ ਗੱਡੀਆਂ ਦੀ ਆਵਾਜਾਈ ਉੱਤੇ ਰੋਕ ਲਗਾ ਦਿੱਤੀ ਹੈ।
ਚੱਕਰਵਾਤ ਨਿਸਰਗ ਦੇ ਚਲਦੇ ਮੁੰਬਈ ਦੇ ਰਾਨੀਬਾਗ਼ ਚਿੜੀਆਘਰ ਵਿੱਚ ਜਾਨਵਰਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਸ਼ਿਫਟ ਕਰ ਦਿੱਤਾ ਗਿਆ ਹੈ। ਖ਼ਾਸਕਰ ਸ਼ੇਰ, ਤੇਂਦੂਆ ਅਤੇ ਹੋਰ ਜਾਨਵਰਾਂ ਨੂੰ ਖੁੱਲੀ ਥਾਂ ਤੋਂ ਬੰਦ ਥਾਂ ਰੱਖਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ।
ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਕੁੱਲ 13541 ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਲਿਜਾਇਆ ਗਿਆ ਹੈ। ਇਹ ਉਹ ਲੋਕ ਹਨ ਜੋ ਤੱਟੀ ਇਲਾਕਿਆਂ ਵਿੱਚ ਰਹਿੰਦੇ ਹਨ ਅਤੇ ਚੱਕਰਵਾਤ ਦੇ ਚਲਦਿਆਂ ਇਨ੍ਹਾਂ ਨੂੰ ਖ਼ਤਰਾ ਸੀ।