ਕੋਲਕਾਤਾ: ਗੰਭੀਰ ਚੱਕਰਵਾਤੀ ਤੂਫਾਨ ਬੁਲਬੁਲ ਨੇ ਪੱਛਮੀ ਬੰਗਾਲ ਦੇ ਤੱਟਵਰਤੀ ਖੇਤਰ 'ਤੇ ਦਸਤਕ ਦੇ ਦਿੱਤੀ ਹੈ। ਇਸ ਦੇ ਚਲਦੇ ਇੱਥੇ ਜਗ੍ਹਾਂ ਜਗ੍ਹਾ ਬਾਰਸ਼ ਹੋ ਰਹੀ ਹੈ ਅਤੇ ਤੇਜ਼ ਹਵਾਵਾਂ ਚਲ ਰਹੀਆ ਹਨ। ਭਾਰਤੀ ਮੌਸਮ ਵਿਭਾਗ ਮੁਤਾਬਕ ਫਿਲਹਾਲ 02:30 ਵਜੇ ਤੋਂ ਚੱਕਰਵਾਤ ਦਾ ਦਬਾਅ ਸੁੰਦਰਬਨ ਨੈਸ਼ਨਲ ਪਾਰਕ ਤੋਂ 12 ਕਿਲੋਮੀਟਰ ਦੱਖਣ-ਪੱਛਮ ਪਾਸੇ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਸਮੁੰਦਰੀ ਕੰਢਿਆ ਵਾਲੇ ਖੇਤਰਾਂ ਵੱਲ ਬਣਿਆ ਹੋਇਆ ਹੈ। ਹਾਲਾਂਕਿ, ਸਵੇਰੇ ਤੱਕ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਤੋਂ ਹੁੰਦੇ ਹੋਏ ਉੱਤਰ-ਪੂਰਬ ਵਿੱਚ ਬੰਗਲਾਦੇਸ਼ ਵੱਲ ਜਾਣ ਦੀ ਉਮੀਦ ਹੈ। ਬੰਗਲਾਦੇਸ਼ ਦੇ ਕੰਢਿਆ ਤੇ ਇਸ ਦੇ ਨਾਲ ਲਗਦੇ ਦੱਖਣੀ ਅਤੇ ਉੱਤਰੀ 24 ਪਰਗਨਾ ਜ਼ਿਲ੍ਹਿਆਂ ਵੱਲ ਪੁੱਜਦੇ ਪੁੱਜਦੇ ਤੂਫਾਨ ਕਮਜ਼ੋਰ ਹੋ ਜਾਵੇਗਾ।
ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 12 ਘੰਟਿਆਂ ਦੌਰਾਨ ਪੱਛਮੀ ਬੰਗਾਲ ਦੇ ਤੱਟਵਰਤੀ ਜ਼ਿਲ੍ਹਿਆਂ ਉੱਤਰੀ ਅਤੇ ਦੱਖਣੀ 24 ਪਰਗਾਨਿਆਂ, ਪੂਰਬੀ ਮੇਦਿਨੀਪੁਰ, ਪੱਛਮੀ ਮੇਦਿਨੀਪੁਰ, ਹਾਵੜਾ, ਨਦੀਆ ਅਤੇ ਹੁਗਲੀ ਵਿੱਚ ਅਲੱਗ ਅਲੱਗ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਅਗਲੇ 6 ਘੰਟਿਆਂ ਦੌਰਾਨ, ਸਮੁੰਦਰੀ ਤੱਟ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਕੰਢਿਆ 'ਤੇ ਸਮੁੰਦਰੀ ਹਾਈਟਾਇਡ ਆਵੇਗਾ। ਬੰਗਾਲ ਦੀ ਖਾੜੀ ਦੇ ਉੱਤਰ ਪੱਛਮ ਵਿੱਚ ਸਮੁੰਦਰ ਦੀ ਸਥਿਤੀ ਬਹੁਤ ਗੰਭੀਰ ਹੋਵੇਗੀ। ਇਸ ਤੋਂ ਬਾਅਦ ਇਹ ਹੌਲੀ ਹੌਲੀ ਸੁਧਰੇਗਾ। ਮੌਸਮ ਵਿਭਾਗ ਨੇ ਮਛੇਰਿਆਂ ਨੂੰ ਅਗਲੇ 12 ਘੰਟਿਆਂ ਦੌਰਾਨ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਸਮੁੰਦਰੀ ਕੰਢਿਆ ਤੋਂ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸਦੇ ਨਾਲ ਹੀ ਅਗਲੇ 18 ਘੰਟਿਆਂ ਲਈ ਉੱਤਰੀ ਬੰਗਾਲ ਦੀ ਖਾੜੀ ਵਿੱਚ ਨਾ ਜਾਣ ਦੀ ਹਦਾਇਤ ਦਿੱਤੀ ਗਈ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਖੁਦ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਬੁਲਬੁਲ ਤੂਫਾਨ ਨਾਲ ਲੜਨ ਲਈ ਹਰ ਸੰਭਵ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਨਾਗਰਿਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਪ੍ਰੇਸ਼ਾਨ ਨਾ ਹੋਣ ਦੀ ਅਪੀਲ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਕੂਲ ਕਾਲਜ ਅਤੇ ਆਂਗਣਵਾੜੀ ਕੇਂਦਰ ਬੰਦ ਰੱਖੇ ਗਏ ਹਨ ਅਤੇ ਤੱਟਵਰਤੀ ਇਲਾਕਿਆਂ ਦੇ 1.2 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕਰ ਦਿੱਤਾ ਗਿਆ ਹੈ।