ਚੰਡੀਗੜ੍ਹ: ਆਨਲਾਇਨ ਕੈਬ (ਓਲਾ,ਉਬਰ) ਨੇ ਆਪਣੀ ਸਰਵਿਸ ਵਿੱਚ ਸਾਂਝੀਆਂ ਰਾਈਡਾਂ (ਸ਼ੇਅਰ ਰਾਈਡ) ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਕੰਪਨੀਆਂ ਨੇ ਇਹ ਕਦਮ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦਿਆਂ ਚੱਕਿਆ ਹੈ।
ਓਲਾ ਕੰਪਨੀ ਨੇ ਆਪਣੇ ਅਧਿਕਾਰਤ ਖਾਤੇ ਤੋਂ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਯਾਤਰੀਆਂ ਅਤੇ ਡਰਾਇਵਰਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਕਤੀ ਤੌਰ ਤੇ ਸਾਂਝੀਆਂ ਰਾਈਡਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
ਜਾਣਕਾਰੀ ਮੁਤਾਬਕ, ਉਬਰ ਦੇ ਬੁਲਾਰੇ ਨੇ ਵੀ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦਿਆਂ ਉਬਰ ਪੂਲ (Uber Pool) ਨੂੰ ਅਗਲੇ ਨੋਟਿਸ ਤੱਕ ਬੰਦ ਕਰਨ ਜਾ ਰਹੇ ਹਨ।
ਇਹ ਦੱਸ ਦਈਏ ਕਿ ਸਾਂਝੀ ਰਾਈਡ ਵਿੱਚ ਕਈ ਯਾਤਰੀ ਇੱਕੋ ਹੀ ਵੇਲੇ ਕਾਰ ਵਿੱਚ ਜਾ ਸਕਦੇ ਹਨ ਇਸ ਨਾਲ ਉਨ੍ਹਾਂ ਨੂੰ ਕਾਰ ਦਾ ਕਿਰਾਇਆ ਵੀ ਘੱਟ ਦੇਣਾ ਪੈਂਦਾ ਹੈ ਪਰ ਹੁਣ ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦਿਆਂ ਹੋਇਆਂ ਸਾਂਝੀਆਂ ਰਾਈਡਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰ ਕਰ ਦਈਏ ਕਿ ਇਸ ਵੇਲੇ ਪੂਰੀ ਦੁਨੀਆ ਵਿੱਚ 11 ਹਜ਼ਾਰ ਤੋਂ ਵੱਧ ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਇਸ ਤੋ ਇਲਾਵਾ 2 ਲੱਖ 70 ਹਜ਼ਾਰ ਤੋਂ ਵੱਧ ਲੋਕ ਇਸ ਨਾਲ ਪੀੜਤ ਹੋ ਗਏ ਹਨ।