ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸੇ ਦਰਮਿਆਨ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਿੱਚ ਇਜ਼ਾਫਾ ਹੋਇਆ ਹੈ। ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 70 ਹਜ਼ਾਰ ਤੋਂ ਵੀ ਪਾਰ ਹੋ ਚੁੱਕੀ ਹੈ ਤੇ ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 3788 ਨਵੇਂ ਮਾਮਲੇ ਸਾਹਮਣੇ ਆਏ ਹਨ।
ਹੁਣ ਤੱਕ 2365 ਲੋਕਾਂ ਦੀ ਮੌਤ
ਇੱਕ ਪਾਸੇ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉੱਥੇ ਹੀ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ ਦਿੱਲੀ 'ਚ ਕੋਰੋਨਾ ਕਾਰਨ 64 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਕੋਰੋਨਾ ਦੇ ਕਾਰਨ ਹੋਈਆਂ ਮੌਤਾਂ ਦਾ ਅੰਕੜਾ 2365 ਹੋ ਗਿਆ ਹੈ। ਹਾਲਾਂਕਿ ਕੋਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਅਤੇ ਲਗਾਤਾਰ ਹੋ ਰਹੀਆਂ ਮੌਤਾਂ ਤੋਂ ਇਲਾਵਾ ਕਈ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।
26,588 ਐਕਟਿਵ ਮਰੀਜ਼
ਬੀਤੇ 24 ਘੰਟਿਆਂ ਵਿੱਚ ਦਿੱਲੀ 'ਚ ਕੋਰੋਨਾ ਤੋਂ 2124 ਮਰੀਜ਼ ਠੀਕ ਹੋਏ ਹਨ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ ਹੁਣ ਤੱਕ ਕੁੱਲ 41,437 ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ। ਜੇ ਹੁਣ ਤੱਕ ਠੀਕ ਹੋਏ ਲੋਕਾਂ ਅਤੇ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਨੂੰ ਹਟਾ ਦਿੱਤਾ ਜਾਵੇ ਤਾਂ ਦਿੱਲੀ ਵਿੱਚ ਹੁਣ ਕੋਰੋਨਾ ਦੇ ਕੁੱਲ 26,588 ਐਕਟਿਵ ਮਰੀਜ਼ ਹਨ। ਇਨ੍ਹਾਂ ਐਕਟਿਵ ਮਰੀਜ਼ ਵਿੱਚੋਂ 14,844 ਮਰੀਜ਼ ਹੁਣ ਆਪਣੇ ਘਰਾਂ ਵਿੱਚ ਸੈਲਫ਼ ਆਈਸੋਲੇਸ਼ਨ ਵਿੱਚ ਹਨ।
24 ਘੰਟਿਆਂ ਵਿੱਚ 19059 ਟੈਸਟ
ਦਿੱਲੀ ਸਰਕਾਰ ਦੇ ਹੈਲਥ ਬੁਲੇਟਿਨ ਮੁਤਾਬਕ ਦਿੱਲੀ ਦੇ ਕੋਰੋਨਾ ਹਸਪਤਾਲਾਂ ਵਿੱਚ ਹੁਣ 13,411 ਬੈੱਡ ਮੌਜੂਦ ਹਨ। ਇਨ੍ਹਾਂ 'ਚੋਂ 6203 ਬੈੱਡਾਂ 'ਤੇ ਮਰੀਜ਼ ਹਨ। ਇਸ ਦੇ ਨਾਲ ਹੀ 7208 ਬੈੱਡ ਹਾਲੇ ਵੀ ਖ਼ਾਲੀ ਹਨ। ਸੈਂਪਲ ਟੈਸਟ ਦੀ ਜੇ ਗੱਲ ਕਰੀਏ ਤਾਂ ਬੀਤੇ 24 ਘੰਟਿਆਂ ਵਿੱਚ ਦਿੱਲੀ 'ਚ 19, 059 ਸੈਂਪਲ ਟੈਸਟ ਹੋਏ ਹਨ। ਇਸ ਦੇ ਨਾਲ ਹੀ ਦਿੱਲੀ ਵਿੱਚ ਹੁਣ ਤੱਕ ਸੈਂਪਲ ਟੈਸਟ ਦਾ ਅੰਕੜਾ 4,20,707 ਹੋ ਚੁੱਕਿਆ ਹੈ।