ਨਵੀਂ ਦਿੱਲੀ: ਬਿਹਾਰ ਵਿੱਚ ਲੋਕ ਆਸਥਾ ਦੇ ਮਹਾਨ ਉਤਸਵ ਛੱਠ ਪੂਜਾ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਛੁੱਟੀ 'ਤੇ ਜਾਣ ਲਈ ਛੱਠੀ ਮਾਤਾ ਦੀ ਸਹੁੰ ਖਾ ਕੇ ਬੇਨਤੀ ਕਰਨ ਦਾ ਪੱਤਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਸਮਸਤੀਪੁਰ ਪੁਲਿਸ ਅਜਿਹੇ ਬੇਨਤੀ ਪੱਤਰ ਦੇਣ ਤੋਂ ਬਾਅਦ ਹੀ ਪੁਲਿਸ ਮੁਲਾਜ਼ਮਾਂ ਨੂੰ ਛੁੱਟੀ ਦੇ ਰਹੀ ਹੈ। ਇਸ ਤਹਿਤ ਹੀ ਸਮਸਤੀਪੁਰ ਪੁਲਿਸ ਸੁਪਰਡੈਂਟ ਨੇ ਮਾਮਲਾ ਦੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਹਨ।
ਪੁਲਿਸ ਸੂਤਰਾਂ ਮੁਤਾਬਿਕ ਛੱਠ ਦੇ ਤਿਉਹਾਰ ਲਈ ਛੁੱਟੀ ਨਾ ਮਿਲਣ ਕਰਕੇ ਪੁਲਿਸ ਮੁਲਾਜ਼ਮਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਬਿਹਾਰ ਦੇ ਇਕ ਪੁਲਿਸ ਮੁਲਾਜ਼ਮ ਦਾ ਪੱਤਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਪੱਤਰ ਵਿੱਚ, ਪੁਲਿਸ ਮੁਲਾਜ਼ਮ ਨੇ ਛੁੱਟੀ ਲਈ ਛੱਠੀ ਮਾਤਾ ਦੀ ਸਹੁੰ ਖਾ ਕੇ ਛੁੱਟੀ ਦੇ ਲਈ ਬੇਨਤੀ ਕੀਤੀ ਹੈ।
ਸਮਸਤੀਪੁਰ ਵਿੱਚ ਇੱਕ ਪੁਲਿਸ ਚੌਕੀ ਵਿੱਚ ਤਾਇਨਾਤ ਅੰਡਰ ਇੰਸਪੈਕਟਰ ਨਾਰਾਇਣ ਸਿੰਘ ਵੱਲੋਂ ਵਿਭਾਗ ਨੂੰ ਦਿੱਤਾ ਗਿਆ ਇੱਕ ਹਲਫ਼ਨਾਮਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਨਾਰਾਇਣ ਸਿੰਘ ਨੇ ਹਲਫ਼ਨਾਮੇ ਵਿੱਚ ਲਿਖਿਆ ਹੈ, "ਮੈਂ ਪੁਲਿਸ ਇੰਸਪੈਕਟਰ ਨਾਰਾਇਣ ਸਿੰਘ, ਛੱਠੀ ਮਈਆ ਦੀ ਗਵਾਹ ਮੰਨ ਕੇ ਸਹੁੰ ਖਾਂਦਾ ਹਾਂ ਕਿ ਮੈਂ ਖ਼ੁਦ ਪਿਛਲੇ 40 ਸਾਲਾਂ ਤੋਂ ਛੱਠ ਕਰਦਾ ਆ ਰਿਹਾ ਹਾਂ। ਹੇ ਛੱਠ ਮਈਆਂ, ਜੇ ਮੈਂ ਝੂਠ ਬੋਲ ਕੇ ਛੁੱਟੀ ਲੈ ਰਿਹਾ ਹਾਂ, ਤਾਂ ਉਸ ਵੇਲੇ ਹੀ ਮੇਰੇ ਬੱਚਿਆਂ ਤੇ ਪਰਿਵਾਰ 'ਤੇ ਮੁਸੀਬਤ ਆ ਜਾਵੇ”
ਇਸ ਸਬੰਧ ਵਿਚ ਜਦੋਂ ਸਮਸਤੀਪੁਰ ਦੇ ਐਸਪੀ ਵਿਕਾਸ ਵਰਮਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਬਾਰੇ ਜਾਣਕਾਰੀ ਮਿਲੀ ਹੈ। ਪੁਲਿਸ ਸੁਪਰਡੈਂਟ ਨੇ ਕਿਹਾ, "ਜ਼ਿਲ੍ਹਾ ਹੈੱਡਕੁਆਰਟਰ ਵੱਲੋਂ ਅਜਿਹੇ ਹਲਫ਼ਨਾਮੇ ਨਾਲ ਬਿਨੈ-ਪੱਤਰ ਲੈਣ ਲਈ ਕੋਈ ਨਿਰਦੇਸ਼ ਜਾਂ ਆਦੇਸ਼ ਨਹੀਂ ਦਿੱਤੇ ਗਏ ਹਨ। ਪੁਲਿਸ ਲਾਈਨ ਦੇ ਸਾਰਜੈਂਟ ਨੂੰ ਮਾਮਲੇ ਦੀ ਪੜਤਾਲ ਕਰਨ ਦੇ ਆਦੇਸ਼ ਦਿੱਤੇ ਗਏ ਹਨ।"