ਨਵੀਂ ਦਿੱਲੀ: ਸੰਸਦ ਵਿੱਚ ਬਜਟ ਸੈਸ਼ਨ ਦਾ ਦੂਜਾ ਗੇੜ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਗੇੜ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਹੋਇਆ। ਦੂਜਾ ਗੇੜ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਨੇ ਦਿੱਲੀ ਹਿੰਸਾ ਸੰਬੰਧੀ ਇਜਲਾਸ ਮੁਲਤਵੀ ਕਰਨ ਦਾ ਮਤਾ ਪਾਸ ਕਰ ਦਿੱਤਾ।
ਬਜਟ ਸੈਸ਼ਨ ਦਾ ਪਹਿਲਾ ਗੇੜ 31 ਜਨਵਰੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਤੋਂ ਬਾਅਦ ਸ਼ੁਰੂ ਹੋਇਆ ਸੀ। ਬਜਟ ਸੈਸ਼ਨ ਦੇ ਦੂਜੇ ਗੇੜ ਵਿੱਚ ਸਰਕਾਰ ਦੇ ਵਿਧਾਯੀ ਏਜੰਡੇ ਵਿੱਚ ਸਰੋਗੇਸੀ ਅਤੇ ਵਿਵਾਦਤ ਟੈਕਸ ਦੇ ਮਤੇ ਨਾਲ ਜੁੜੇ ਬਿਲਾਂ ਸਮੇਤ ਕੁੱਲ 45 ਬਿੱਲ ਸ਼ਾਮਲ ਹਨ। ਇਸ ਤੋਂ ਇਲਾਵਾ ਸਰਕਾਰ ਸੱਤ ਵਿੱਤੀ ਪ੍ਰਸਤਾਵ ਪੇਸ਼ ਕਰੇਗੀ। ਇਹ ਬਜਟ ਸੈਸ਼ਨ 3 ਅਪ੍ਰੈਲ ਤੱਕ ਚੱਲੇਗਾ।
ਇਸ ਤੋਂ ਇਲਾਵਾ ਦਿੱਲੀ ਹਿੰਸਾ ਨੂੰ ਲੈ ਕੇ ਰਾਹੁਲ ਗਾਂਧੀ, ਸ਼ਸ਼ੀ ਥਰੂਰ ਅਤੇ ਅਧੀਰ ਰੰਜਨ ਚੌਧਰੀ ਸਮੇਤ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੰਸਦ ਕੰਪਲੈਕਸ ਦੇ ਅੰਦਰ ਗਾਂਧੀ ਦੇ ਬੁੱਤ ਦੇ ਸਾਹਮਣੇ ਪ੍ਰਦਰਸ਼ਨ ਕੀਤਾ।