ਰਾਂਚੀ: ਝਾਰਖੰਡ ਵਿੱਚ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਦਾ ਦੌਰ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਕਾਂਗਰਸ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਆਪਣੇ ਵਾਅਦਿਆਂ ਦਾ ਪਿਟਾਰਾ ਯਾਨੀ ਕਿ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਮੈਨੀਫੈਸਟੋ ਵਿੱਚ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਅਤੇ ਸਾਰੀਆਂ ਸਰਕਾਰੀ ਅਸਾਮੀਆਂ ਨੂੰ 6 ਮਹੀਨਿਆਂ ਵਿੱਚ ਭਰਨ ਦਾ ਵਾਅਦਾ ਕੀਤਾ ਗਿਆ ਹੈ।
ਪ੍ਰੈਸ ਕਲੱਬ ਵਿਖੇ ਆਯੋਜਿਤ ਪ੍ਰੋਗਰਾਮ ਵਿਚ ਸੂਬਾ ਇੰਚਾਰਜ ਆਰਪੀਐਨ ਸਿੰਘ, ਸਹਿ ਇੰਚਾਰਜ ਉਮੰਗ ਸਿੰਘਰ, ਏਆਈਸੀਸੀ ਮੈਂਬਰ ਸਲੀਮ ਅਹਿਮਦ, ਸੂਬਾ ਕੋਆਰਡੀਨੇਟਰ ਅਜੇ ਸ਼ਰਮਾ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਰਮੇਸ਼ਵਰ ਓਰੋਂ, ਵਿਧਾਇਕ ਦਲ ਦੇ ਨੇਤਾ ਆਲਮਗੀਰ ਆਲਮ ਅਤੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ. ਜੈਪ੍ਰਕਾਸ਼ ਗੁਪਤਾ ਦੇ ਨਾਲ ਕਾਰਜਕਾਰੀ ਚੇਅਰਮੈਨ ਰਾਜੇਸ਼ ਠਾਕੁਰ ਮੌਜੂਦ ਸਨ।
ਇਹ ਵੀ ਪੜ੍ਹੋ: ਕੇਜਰੀਵਾਲ ਬਨਾਮ ਤਿਵਾਰੀ: ਲੋਕਾਂ ਨੂੰ ਫ਼ੈਸਲਾ ਲੈਣ 'ਚ ਆਸਾਨੀ ਹੋਵੇਗੀ: ਸੰਜੇ ਸਿੰਘ
ਇਸ ਮੌਕੇ ਬੁਲਾਰੇ ਅਲੋਕ ਕੁਮਾਰ ਦੂਬੇ ਨੇ ਕਿਹਾ ਕਿ ਚੋਣ ਮੈਨੀਫੈਸਟੋ ਜਨਤਾ ਤੋਂ ਮਿਲੀ ਜਾਣਕਾਰੀ ਦੇ ਅਧਾਰ ’ਤੇ ਤਿਆਰ ਕੀਤਾ ਗਿਆ ਹੈ। ਇਸ ਚੋਣ ਮੈਨੀਫੈਸਟੋ ਵਿੱਚ ਝਾਰਖੰਡ ਦੀਆਂ ਔਰਤਾਂ, ਬੇਰੁਜ਼ਗਾਰ ਨੌਜਵਾਨਾਂ, ਆਦਿਵਾਸੀਆਂ, ਪਿੱਛੜੇ ਅਕੁਸ਼ਲ ਅਤੇ ਗਰੀਬਾਂ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਦੇ ਬਿਹਤਰ ਭਵਿੱਖ ਦੀ ਗੱਲ ਕੀਤੀ ਗਈ ਹੈ।