ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੀ ਕਿਤਾਬ 'ਦਿ ਪ੍ਰੈਜ਼ੀਡੈਂਸ਼ੀਅਲ ਈਅਰਜ਼' 'ਚ ਲਿਖਿਆ ਹੈ ਕਿ ਉਨ੍ਹਾਂ ਦੇ ਸਰਬਉੱਚ ਸੰਵਿਧਾਨਕ ਅਹੁਦੇ ਲਈ ਚੁਣੇ ਜਾਣ ਮਗਰੋਂ ਕਾਂਗਰਸ ਰਾਜਨੀਤਿਕ ਦਿਸ਼ਾ ਤੋਂ ਭਟਕ ਗਈ। ਕੁੱਝ ਪਾਰਟੀ ਮੈਂਬਰਾਂ ਦਾ ਮੰਨਣਾ ਸੀ ਕਿ ਜੇ ਉਹ 2004, 'ਚ ਪ੍ਰਧਾਨ ਮੰਤਰੀ ਬਣੇ ਹੁੰਦੇ ਤਾਂ 2014 'ਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਹਾਰ ਨਹੀਂ ਹੁੰਦੀ।
ਮੁਖਰਜੀ ਨੇ ਆਪਣੀ ਮੌਤ ਤੋਂ ਪਹਿਲਾਂ ਯਾਦਗਾਰ ਕਿਤਾਬ 'ਦਿ ਪ੍ਰੈਜ਼ੀਡੈਂਸ਼ੀਅਲ ਈਅਰਜ਼' ਲਿਖੀ ਸੀ। ਰੂਪਾ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਤ ਇਹ ਕਿਤਾਬ ਜਨਵਰੀ 2021 ਤੋਂ ਪਾਠਕਾਂ ਲਈ ਉਪਲਬਧ ਹੋਵੇਗੀ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਸੰਕਰਮਣ ਤੋਂ ਬਾਅਦ ਸਿਹਤ ਸਬੰਧੀ ਪਰੇਸ਼ਾਨੀਆਂ ਦੇ ਕਾਰਨ 31 ਅਗਸਤ ਨੂੰ 84 ਸਾਲ ਦੀ ਉਮਰ 'ਚ ਪ੍ਰਣਬ ਮੁਖਰਜੀ ਦੀ ਮੌਤ ਹੋ ਗਈ ਸੀ। ਕਿਤਾਬ 'ਚ, ਕਾਂਗਰਸ ਬਾਰੇ ਉਨ੍ਹਾਂ ਦੀ ਟਿੱਪਣੀ 'ਚ ਉਸ ਸਮੇਂ ਦੇ ਹਲਾਤ ਸਾਹਮਣੇ ਆਏ ਹਨ, ਜਦੋਂ ਪਾਰਟੀ ਅੰਦਰੂਨੀ ਗੜਬੜੀ ਦੇ ਹਲਾਤਾਂ 'ਚੋਂ ਲੰਘ ਰਹੀ ਹੈ।
ਇਸ ਕਿਤਾਬ 'ਚ ਮੁਖਰਜੀ ਲਿਖਦੇ ਹਨ," ਕੁੱਝ ਪਾਰਟੀ ਮੈਂਬਰਾਂ ਦਾ ਮੰਨਣਾ ਸੀ ਕਿ ਜੇਕਰ ਉਹ 2004 'ਚ ਪ੍ਰਧਾਨ ਮੰਤਰੀ ਬਣ ਜਾਂਦੇ, ਤਾਂ 2014 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ ਨਹੀਂ ਹੁੰਦੀ। ਹਾਲਾਂਕਿ, ਮੈਂ ਇਸ ਰਾਏ ਨਾਲ ਸਹਿਮਤ ਨਹੀਂ ਹਾਂ।"
ਉਨ੍ਹਾਂ ਲਿਖਿਆ ਮੈਂ ਮੰਨਦਾ ਹਾਂ ਕਿ ਮੇਰੇ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਰਾਜਨੀਤਿਕ ਦਿਸ਼ਾ ਤੋਂ ਭਟਕ ਗਈ। ਜੇਕਰ ਸੋਨੀਆ ਗਾਂਧੀ ਪਾਰਟੀ ਦੇ ਕੰਮਕਾਜ ਨੂੰ ਸੰਭਾਲਣ 'ਚ ਅਸਮਰਥ ਸਨ, ਤਾਂ ਸਦਨ ਤੋਂ ਮਨਮੋਹਨ ਸਿੰਘ ਦੀ ਲੰਮੀ ਗੈਰ ਹਾਜ਼ਰੀ ਨੇ ਸੰਸਦ ਮੈਂਬਰਾਂ ਨਾਲ ਕਿਸੇ ਵੀ ਨਿੱਜੀ ਸੰਪਰਕ 'ਤੇ ਰੋਕ ਲਾ ਦਿੱਤੀ।
ਸਾਬਕਾ ਰਾਸ਼ਟਰਪਤੀ ਨੇ ਕਿਹਾ, " ਮੇਰਾ ਮੰਨਣਾ ਹੈ ਕਿ ਸ਼ਾਸਨ ਕਰਨ ਲਈ ਨੈਤਿਕ ਅਧਿਕਾਰ ਪ੍ਰਧਾਨ ਮੰਤਰੀ ਦੇ ਕੋਲ ਹੁੰਦਾ ਹੈ।" ਦੇਸ਼ ਦੀ ਸਾਰੀ ਸ਼ਾਸਨ ਪ੍ਰਣਾਲੀ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਪ੍ਰਸ਼ਾਸਨਿਕ ਕੰਮਕਾਜ ਦਾ ਪ੍ਰਤੀਬਿੰਬ ਹੈ। ਡਾ. ਸਿੰਘ ਗੱਠਜੋੜ ਨੂੰ ਬਚਾਉਣ ਲਈ ਸਾਵਧਾਨ ਸਨ, ਜਿਸ ਦਾ ਅਸਰ ਸ਼ਾਸਨ 'ਤੇ ਪਿਆ ਸੀ, ਜਦੋਂ ਕਿ ਨਰਿੰਦਰ ਮੋਦੀ ਆਪਣੇ ਪਹਿਲੇ ਕਾਰਜਕਾਲ 'ਚ ਸ਼ਾਸਨ ਪ੍ਰਣਾਲੀ ਦੀ ਸੰਪੂਰਨ ਸ਼ੈਲੀ ਅਪਣਾਉਂਦੇ ਹੋਏ ਪ੍ਰਤੀਤ ਹੁੰਦੇ ਸਨ, ਜੋ ਕਿ ਸਰਕਾਰ, ਵਿਧਾਨ ਸਭਾ ਅਤੇ ਨਿਆਂਪਾਲਿਕਾ ਦਰਮਿਆਨ ਮਜ਼ਬੂਤ ਸਬੰਧਾਂ ਰਾਹੀਂ ਝਲਕਦਾ ਹੈ।
ਇਹ ਕਿਤਾਬ ਪੱਛਮੀ ਬੰਗਾਲ ਦੇ ਇੱਕ ਪਿੰਡ ਵਿੱਚ ਬਚਪਨ ਤੋਂ ਰਾਸ਼ਟਰਪਤੀ ਬਣਨ ਦੇ ਉਨ੍ਹਾਂ ਦੇ ਲੰਬੇ ਸਫ਼ਰ ਬਾਰੇ ਚਾਨਣਾ ਪਾਉਂਦੀ ਹੈ। ਰੂਪਾ ਪਬਲੀਕੇਸ਼ਨਜ਼ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਮੁਖਰਜੀ ਦੀ ਯਾਦਗਾਰ 'ਦਿ ਪ੍ਰੈਸੀਡੈਂਸ਼ੀਅਲ ਈਅਰਜ਼' ਜਨਵਰੀ 2021 'ਚ ਵਿਸ਼ਵ ਪੱਧਰ 'ਤੇ ਜਾਰੀ ਕੀਤੀ ਜਾਵੇਗੀ। ਅੱਜ ਪ੍ਰਣਬ ਮੁਖਰਜੀ ਦਾ ਜਨਮਦਿਨ ਵੀ ਹੈ।