ਜੈਪੁਰ: ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦੇ ਚਲਦਿਆਂ ਕਾਂਗਰਸ ਪਾਰਟੀ 'ਚ ਆਪਸੀ ਕਲੇਸ਼ ਵੱਧਦਾ ਜਾ ਰਿਹਾ ਹੈ। ਚੋਣਾਂ 'ਚ ਸੂਬੇ ਵਿੱਚ ਪਾਰਟੀ ਨੂੰ ਸਾਰੀਆਂ ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗੀ ਉੱਠ ਰਹੀ ਹੈ।
ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੁਸ਼ੀਲ ਅਸੋਪਾ ਨੇ ਬੀਤੇ ਮੰਗਲਵਾਰ ਨੂੰ ਫ਼ੇਸਬੁੱਕ 'ਤੇ ਪੋਸਟ ਕਰਦਿਆਂ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਪਾਰਟੀ 'ਚ ਆਪਸੀ ਕਲੇਸ਼ ਹੋਰ ਵੱਧ ਗਿਆ ਹੈ।
ਬੀਤੀ 25 ਮਈ ਨੂੰ ਹੋਈ ਕਾਂਗਰਸ ਵਰਕਿੰਗ ਕਮੇਟੀ (cwc) ਦੀ ਬੈਠਕ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੇ ਦਿੱਗਜ ਆਗੂਆਂ ਵੱਲੋਂ ਆਪਣੇ ਪੁੱਤਰਾਂ ਲਈ ਟਿਕਟ ਮੰਗਣ ਦੀ ਜ਼ਿੱਦ 'ਤੇ ਵੀ ਨਾਰਾਜ਼ੀ ਪ੍ਰਗਟਾਈ ਸੀ। ਰਾਹੁਲ ਨੇ ਕਿਹਾ ਸੀ ਕਿ ਇਨ੍ਹਾਂ ਆਗੂਆਂ ਨੇ ਆਪਣੀ ਨਿਜੀ ਦਿਲਚਸਪੀਆਂ ਲਈ ਪਾਰਟੀ ਨੂੰ ਕਿਨਾਰੇ ਕਰ ਦਿੱਤਾ।
ਦੂਜੇ ਪਾਸੇ ਭਾਜਪਾ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਹਨ ਕਿ ਰਾਜਸਥਾਨ 'ਚ ਕਾਂਗਰਸ ਦੇ ਕਰੀਬ 25 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ ਤੇ ਕਾਂਗਰਸ ਨੂੰ ਸਮਰਥਨ ਦੇਣ ਵਾਲੇ 'ਬਸਪਾ' ਦੇ ਵਿਧਾਇਕ ਕਾਂਗਰਸ ਤੋਂ ਪ੍ਰੇਸ਼ਾਨ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਨੂੰ ਵਿਧਾਨ ਸਭਾ ਵਿੱਚ ਬਹੁਮਤ ਬਣਾ ਕੇ ਰੱਖਣ ਵਿੱਚ ਅਸਫ਼ਲ ਰਹੇਗੀ ਅਤੇ ਸਰਕਾਰ ਮੁਸੀਬਤ ਵਿੱਚ ਆ ਜਾਵੇਗੀ।