ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਐਤਵਾਰ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੀ ਅੰਤਮ ਕਿਸ਼ਤ ਦੀ ਘੋਸ਼ਣਾ ਤੋਂ ਤੁਰੰਤ ਬਾਅਦ, ਸੀਨੀਅਰ ਕਾਂਗਰਸੀ ਆਗੂ ਆਨੰਦ ਸ਼ਰਮਾ ਨੇ ਦਾਅਵਾ ਕੀਤਾ ਕਿ ਕੀਤੀਆਂ ਗਈਆਂ ਘੋਸ਼ਣਾਵਾਂ 3.22 ਲੱਖ ਕਰੋੜ ਰੁਪਏ ਦੀਆਂ ਹਨ, ਜੋ ਜੀਡੀਪੀ ਦੇ 1.6 ਫ਼ੀਸਦੀ ਦੇ ਬਰਾਬਰ ਹੈ ਨਾ ਕਿ 20 ਲੱਖ ਕਰੋੜ ਰੁਪਏ ਦੇ, ਜੋ ਦਾਅਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।
ਕਾਂਗਰਸੀ ਆਗੂ ਨੇ ਕੇਂਦਰ ਸਰਕਾਰ ਨੂੰ ਚੁਣੌਤੀ ਵੀ ਦਿੱਤੀ ਕਿ ਉਹ ਉਨ੍ਹਾਂ ਗਲਤ ਸਾਬਤ ਕਰਕੇ ਵਿਖਾਉਣ। ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਕਿਹਾ, "ਮੈਂ ਵਿੱਤ ਮੰਤਰੀ ਤੋਂ ਸਵਾਲ ਕਰ ਰਿਹਾ ਹਾਂ, ਪ੍ਰਧਾਨ ਮੰਤਰੀ ਮੋਦੀ ਦੇ ਦਾਅਵੇ ਤੋਂ ਅਸਹਿਮਤ ਹਾਂ ਅਤੇ ਸਰਕਾਰ ਨੂੰ ਚੁਣੌਤੀ ਦੇ ਰਿਹਾ ਹਾਂ ਕਿ ਮੇਰੇ ਦਾਅਵੇ ਨੂੰ ਤੱਥਾਂ 'ਤੇ ਨਕਾਰਿਆ ਜਾਵੇ। ਮੈਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਬਹਿਸ ਲਈ ਤਿਆਰ ਹਾਂ।"
ਉਨ੍ਹਾਂ ਨੇ ਸਰਕਾਰ 'ਤੇ ਆਰਥਿਕ ਪੈਕੇਜ ਦੇ ਨਾਂਅ 'ਤੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ, "ਜਦੋਂ ਤੱਕ ਇਹ ਸਰਕਾਰ ਗ਼ਰੀਬ ਲੋਕਾਂ ਦੇ ਹੱਥ ਵਿੱਚ ਪੈਸਾ ਨਹੀਂ ਦਿੰਦੀ, ਅਸੀਂ ਇਸ ਨੂੰ ਇੱਕ ਰਾਹਤ ਪੈਕੇਜ ਨਹੀਂ ਮੰਨਾਂਗੇ।"
ਉਨ੍ਹਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ 'ਤੇ ਤੰਜ ਕਸਦਿਆਂ ਕਿਹਾ ਕਿ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਲੋਕਾਂ ਨੂੰ ਕਰਜ਼ੇ ਦੇਣ ਵਿੱਚ ਅੰਤਰ ਹੈ।
ਆਨੰਦ ਸ਼ਰਮਾ ਨੇ ਕਿਹਾ ਕਿ ਸਰਕਾਰ ਦੀ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਕਿਵੇਂ ਭਾਰਤੀ ਅਰਥਚਾਰੇ ਨੂੰ ਢਹਿ ਢੇਰੀ ਹੋਣ ਤੋਂ ਬਚਾਉਣਾ ਹੈ ਅਤੇ ਭੁੱਖਮਰੀ ਕਾਰਨ ਲੋਕਾਂ ਦੀ ਮੌਤਾਂ ਨੂੰ ਰੋਕਣਾ ਹੈ।