ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਦੇ ਕੇਸਾਂ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਐਫਆਈਆਰ ਨੰਬਰ 601/84 ਦਾ ਰਿਕਾਰਡ ਜ਼ਬਤ ਕਰ ਲਿਆ ਹੈ। ਇਸ ਕੇਸ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਮੁਲਜ਼ਮ ਹਨ ਤੇ ਸਬੂਤਾਂ ਤੋਂ ਕਤਲੇਆਮ ਦੌਰਾਨ ਤਿੰਨ ਸਿੱਖਾਂ ਦਾ ਕਤਲ ਕੀਤੇ ਜਾਣ ਵਿਚ ਉਨ੍ਹਾਂ ਦੀ ਸਿੱਧੀ ਸ਼ਮੂਲੀਅਤ ਸਾਬਤ ਕਰਦੇ ਕਈ ਖੁਲਾਸੇ ਹੋਏ ਹਨ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।
ਸਿਰਸਾ ਨੇ ਦੱਸਿਆ ਕਿ ਐਸਆਈਟੀ ਜੋ ਕਿ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਕੇਸਾਂ ਦੀ ਜਾਂਚ, ਮੁੜ ਜਾਂਚ ਤੇ ਅਗਲੇਰੀ ਜਾਂਚ ਕਰ ਰਹੀ ਹੈ, ਨੇ ਐਫ ਆਈ ਆਰ ਨੰਬਰ 601/84 ਥਾਣਾ ਪਾਰਲੀਮੈਂਟ ਸਟ੍ਰੀਟ (ਗੋਸਵਾਰਾ ਨੰਬਰ 114/ਐਸ) ਨਾਮ ਸਟੇਟ ਬਨਾਮ ਕਿਸ਼ੋਰ ਬਨਾਮ ਹੋਰ ਦਾ ਰਿਕਾਰਡ ਜ਼ਬਤ ਕਰ ਲਿਆ ਹੈ। ਸਿਰਸਾ ਨੇ ਦੱਸਿਆ ਕਿ ਇਸ ਰਿਕਾਰਡ ਤੋਂ ਮਿਲੇ ਸਬੂਤਾਂ ਨੇ ਇਹ ਖੁਲਾਸੇ ਕੀਤੇ ਹਨ ਕਿ ਕਮਲਨਾਥ ਇਸ ਕੇਸ ਵਿਚ ਤਿੰਨ ਸਿੱਖਾਂ ਦੇ ਕਤਲੇਆਮ ਵਿਚ ਸਿੱਧੇ ਤੌਰ 'ਤੇ ਸ਼ਾਮਲ ਸੀ।
ਉਨ੍ਹਾਂ ਦੱਸਿਆ ਕਿ ਉਸਦੇ ਸਾਥੀ ਬਿਸਰੂ, ਛੋਟੇ ਲਾਲ ਤੇ ਵਿਸ਼ਨੂੰ ਇਸ ਵਿਚ ਸ਼ਾਮਲ ਸਨ ਤੇ ਇਨ੍ਹਾਂ ਸਾਰਿਆਂ ਦੀ ਰਿਹਾਇਸ਼ ਦਾ ਜੋ ਪਤਾ ਦਸਤਾਵੇਜ਼ਾਂ ਵਿਚ ਮਿਲਿਆ ਹੈ, ਉਹ ਉਸ ਵੇਲੇ ਕਮਲਨਾਥ ਦੀ ਸਰਕਾਰੀ ਰਿਹਾਇਸ਼ ਨਾਰਥ ਅਵੈਨਿਊ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚੋਂ ਕੁਝ ਸਾਥੀ ਹਾਲੇ ਵੀ ਕਮਲਨਾਥ ਨਾਲ ਮੱਧ ਪ੍ਰਦੇਸ਼ ਵਿਚ ਕੰਮ ਕਰ ਰਹੇ ਹਨ।
ਸਿਰਸਾ ਨੇ ਕਿਹਾ ਕਿ ਕੇਸ ਰਿਕਾਰਡ ਜ਼ਬਤ ਕਰਨ ਤੋਂ ਬਾਅਦ ਐਸਆਈਟੀ ਹੁਣ ਕਮਲਨਾਥ ਨੂੰ ਸੰਮੰਨ ਭੇਜੇਗੀ ਤੇ ਆਖਿਰਕਾਰ ਉਹ ਇਸ ਕੇਸ ਵਿਚ ਜੇਲ੍ਹ ਜਾਣਗੇ। ਉਹਨਾਂ ਕਿਹਾ ਕਿ 35 ਸਾਲਾਂ ਤੱਕ ਗਾਂਧੀ ਪਰਿਵਾਰ ਤੋਂ ਮਿਲੀ ਸੁਰੱਖਿਆ ਦੀ ਬਦੌਲਤ ਉਹ ਕਾਨੂੰਨ ਦੇ ਪੰਜੇ ਤੋਂ ਬਚਦੇ ਰਹੇ ਹਨ ਪਰ ਆਖਿਰਕਾਰ ਹੁਣ ਉਹ ਕਾਨੂੰਨ ਦੇ ਸ਼ਿਕੰਜੇ ਵਿਚ ਆ ਜਾਣਗੇ ਤੇ ਉਨ੍ਹਾਂ ਨੂੰ 1 ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਤਿੰਨ ਸਿੱਖਾਂ ਨੂੰ ਕਤਲ ਕਰਨ ਦੇ ਦੋਸ਼ ਵਿੱਚ ਸਜ਼ਾ ਮਿਲੇਗੀ।