ਨਵੀਂ ਦਿੱਲੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰਤੀ ਰੇਲ ਮੰਤਰਾਲੇ ਵੱਲੋਂ 14 ਨਵੀਆਂ ਰੇਲ ਗੱਡੀਆਂ ਸ਼ੁਰੂ ਕਰਨ ਦੀ ਤਜਵੀਜ਼ ਹੈ। ਇਸ ਤਹਿਤ ਪ੍ਰਕਾਸ਼ ਪੁਰਬ ਮੌਕੇ ਕਿੰਨੀਆਂ ਨਵੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਬਾਰੇ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪ੍ਰਕਾਸ਼ ਪੁਰਬ ਵੇਲੇ ਬਹੁਤ ਸਾਰੇ ਸ਼ਰਧਾਲੂ ਦੇਸ਼ਾਂ-ਵਿਦੇਸ਼ਾਂ ਤੋਂ ਭਾਰਤ ਪਹੁੰਚਣਗੇ ਤੇ ਪੰਜਾਬ ਵਿੱਚ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ ਤੇ ਇੰਗਲੈਂਡ ਲਈ ਕਈ ਸਾਰੀਆਂ ਫਲਾਈਟਾਂ ਸ਼ੁਰੂ ਕਰਨ ਦੀ ਤਜਵੀਜ਼ ਹੈ ਤੇ ਕਈ ਫਲਾਈਟਾਂ ਸ਼ੁਰੂ ਹੋ ਚੁੱਕੀਆਂ ਹਨ।
ਹਰਦੀਪ ਪੁਰੀ ਨੇ ਕਿਹਾ ਕਿ ਅੰਮ੍ਰਿਤਸਰ ਤੇ ਬਰਮਿੰਘਮ ਵਿਚਕਾਰ ਪਹਿਲਾਂ ਹਫ਼ਤੇ ਵਿੱਚ ਤਿੰਨ ਉਡਾਣਾਂ ਹੁੰਦੀਆਂ ਸਨ, ਜੋ ਹੁਣ ਵੱਧ ਕੇ 6 ਹੋ ਗਈਆਂ ਹਨ। ਪਹਿਲਾਂ ਚੱਲਣ ਵਾਲੀਆਂ ਤਿੰਨ ਉਡਾਣਾਂ ਪਾਕਿਸਤਾਨ ਵੱਲੋਂ ਏਅਰਸਪੇਸ ਬੰਦ ਕੀਤੇ ਜਾਣ ਦੌਰਾਨ ਬੰਦ ਹੋ ਗਈਆਂ ਸਨ ਪਰ ਹੁਣ 6 ਉਡਾਣਾਂ ਚਲਦੀਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤਿੰਨ ਉਡਾਣਾਂ ਅੰਮ੍ਰਿਤਸਰ ਤੋਂ ਬਰਮਿੰਘਮ ਸਿੱਧੀਆਂ ਜਾਂਦੀਆਂ ਹਨ ਤੇ ਤਿੰਨ ਫਲਾਈਟਾਂ ਅੰਮ੍ਰਿਤਸਰ ਤੋਂ ਬਰਮਿੰਘਮ ਵਾਇਆ ਦਿੱਲੀ ਹੋ ਕੇ ਜਾਂਦੀਆਂ ਹਨ। ਅੰਮ੍ਰਿਤਸਰ ਤੋਂ ਟੋਰਾਂਟੋ ਫਲਾਈਟ ਵੀ ਸ਼ੁਰੂ ਹੋ ਚੁੱਕੀ ਹੈ ਤੇ 31 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਲੰਡਨ ਦੀ ਫਲਾਈਟ ਵੀ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਹੀ ਤਖ਼ਤਾਂ ਨੂੰ ਆਪਸ ਵਿੱਚ ਜੋੜਨ ਲਈ ਵੀ ਕਈ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ ਨੇ ਜਿਵੇਂ ਪਟਨਾ ਤੋਂ ਅੰਮ੍ਰਿਤਸਰ।
ਇਹ ਸਾਰੀਆਂ ਉਡਾਣਾਂ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਦੀ ਸੁਵਿਧਾ ਨੂੰ ਦੇਖਦਿਆਂ ਹੋਇਆਂ ਸ਼ੁਰੂ ਕੀਤੀਆਂ ਗਈਆਂ ਹਨ ਤੇ 550ਵੇਂ ਪ੍ਰਕਾਸ਼ ਪੁਰਬ ਤੋਂ ਬਾਅਦ ਵੀ ਜਾਰੀ ਹੀ ਰਹਿਣਗੀਆਂ। ਇਸ ਦਾ ਲਾਭ ਪੰਜਾਬ ਵਿੱਚ ਵਸਦੇ ਤੇ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਨੂੰ ਮਿਲਦਾ ਰਹੇਗਾ। ਜੇਕਰ ਗੁਰਪੁਰਬ ਮੌਕੇ ਜ਼ਰੂਰਤ ਪਈ ਤਾਂ ਸਪੈਸ਼ਲ ਚਾਰਟਰ ਫਲਾਈਟਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਗੁਰਪੁਰਬ ਦੇ ਵਿਚ ਕੋਈ ਵਿਘਨ ਨਾ ਪਵੇ।
ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਐੱਸ ਜੀ ਪੀ ਸੀ ਵਿੱਚ ਤਾਲਮੇਲ ਦੀ ਕੰਮੀਂ ਦੀਆਂ ਖ਼ਬਰਾਂ ਤੇ ਹਰਦੀਪ ਸਿੰਘ ਪੁਰੀ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਸੁਲਤਾਨਪੁਰ ਲੋਧੀ ਤੇ ਗੁਰਪੁਰਬ ਨੂੰ ਲੈ ਕੇ ਹੋਰ ਪ੍ਰਾਜੈਕਟਾਂ ਲਈ ਫੰਡ ਰਿਲੀਜ਼ ਕਰ ਦਿੱਤੇ ਗਏ ਹਨ।