ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਕਾਰ ਜਾਰੀ ਤਣਾਅ ਦੇ ਦਰਮਿਆਨ ਇੱਕ ਸਕਰਾਤਮਕ ਗਤੀਵਿਧੀ ਹੋਈ ਹੈ। ਸੂਤਰਾਂ ਮੁਤਾਬਕ ਗਲਵਾਨ ਘਾਟੀ ਦੇ ਇੱਕ ਹਿੱਸੇ ਵਿੱਚ ਚੀਨੀ ਫ਼ੌਜੀ ਐਲਏਸੀ ਦੇ ਪਾਸਿਓਂ ਕੁਝ ਸੌ ਗਜ਼ ਪਿੱਛੇ ਚਲੇ ਗਏ ਹਨ।
ਇਹ ਅਜਿਹੇ ਸਮੇਂ ਹੋਇਆ ਹੈ ਜਦੋਂ ਪਿਛਲੇ ਤਿੰਨ ਤੋਂ ਚਾਰ ਦਿਨਾਂ ਤੋਂ, ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਦੀ ਕਈ ਥਾਵਾਂ 'ਤੇ ਕੋਈ ਵੱਡੀ ਹਰਕਤ ਨਹੀਂ ਹੋਈ, ਜਿੱਥੇ ਇਸ ਨੇ ਆਪਣੇ ਆਪ ਨੂੰ ਭਾਰਤੀ ਫ਼ੌਜਾਂ ਦੇ ਵਿਰੁੱਧ ਅਸਲ ਕੰਟਰੋਲ ਰੇਖਾ 'ਤੇ ਤਾਇਨਾਤ ਕੀਤਾ ਹੋਇਆ ਹੈ।
ਸੂਤਰਾਂ ਨੇ ਕਿਹਾ ਕਿ ਚੀਨ ਵੱਲੋਂ ਐਲਏਸੀ 'ਤੇ 5 ਹਜ਼ਾਰ ਤੋਂ ਵੱਧ ਸੈਨਿਕ ਭੇਜਣ ਮਗਰੋਂ ਮਈ ਦੇ ਪਹਿਲੇ ਹਫ਼ਤੇ ਤੋਂ ਹੀ ਦੋਵਾਂ ਧਿਰਾਂ ਵਿਚਾਲੇ ਕਰੀਬ ਇੱਕ ਦਰਜਨ ਵਾਰ ਗੱਲਬਾਤ ਹੋਈ।
ਸੂਤਰਾਂ ਨੇ ਕਿਹਾ ਕਿ 6 ਜੂਨ ਨੂੰ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀਆਂ ਵਿਚਕਾਰ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਇਹ ਸਕਾਰਾਤਮਕ ਕਦਮ ਜਾਪ ਰਿਹਾ ਹੈ।
ਪੂਰਬੀ ਲੱਦਾਖ ਸੈਕਟਰ, ਜਿੱਥੇ 1967 ਤੋਂ ਕੋਈ ਗੋਲੀ ਨਹੀਂ ਚਲਾਈ ਗਈ, ਵਿੱਚ ਚੀਨੀ ਅਤੇ ਭਾਰਤੀ ਸੈਨਿਕਾਂ ਦੀ ਗਿਣਤੀ ਹੁਣ ਲਗਭਗ ਬਰਾਬਰ ਹੋ ਚੁੱਕੀ ਹੈ ਅਤੇ ਸਰਹੱਦ ਦੇ ਕਿਨਾਰੇ ਕਿਸੇ ਵੀ ਘਟਨਾ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਦੋਵੇਂ ਧਿਰਾਂ ਹਥਿਆਰਾਂ ਨਾਲ ਲੈਸ ਹੋ ਗਈਆਂ ਹਨ।
ਉਸਾਰੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਗਲਵਾਨ ਖੇਤਰ ਵਿੱਚ ਹੁਣ ਲਗਭਗ ਇੱਕ ਮਹੀਨੇ ਤੋਂ ਦੋਵਾਂ ਧਿਰਾਂ ਵਿੱਚ ਤਣਾਅ ਚੱਲ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਸੁਰੱਖਿਆ ਬਲਾਂ ਦੁਆਰਾ ਸੈਟੇਲਾਈਟ ਇਮੇਜਰੀ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਤੋਂ ਇਹ ਪਤਾ ਲੱਗਿਆ ਸੀ ਕਿ ਚੀਨ ਵੱਲੋਂ ਭਾਰਤ ਵੱਲ ਐਲਏਸੀ ਦੇ ਨੇੜੇ ਸੜਕ ਨਿਰਮਾਣ ਦੀ ਉਸਾਰੀ ਕੀਤੀ ਜਾ ਰਹੀ ਹੈ।