ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ 2 ਬਾਰੇ ਇੱਕ ਨਵੀਂ ਜਾਣਕਾਰੀ ਦਿੱਤੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵਿਕਰਮ ਲੈਂਡਰ ਬਾਰੇ ਕੋਈ ਨਵੀਂ ਜਾਣਕਾਰੀ ਦੇਣ ਦੀ ਉਮੀਦ ਪ੍ਰਗਟਾਈ ਹੈ ਕਿਉਂਕਿ ਉਸ ਦਾ ਲੂਨਰ ਰਿਕਨੈਸੈਂਸ ਆਰਬਿਟ ਉਸੇ ਥਾਂ ਦੇ ਉੱਪਰੋਂ ਲੰਘੇਗਾ ਜਿੱਥੇ ਭਾਰਤੀ ਲੈਂਡਰ ਵਿਕਰਮ ਦੇ ਡਿੱਗਣ ਦਾ ਖ਼ਦਸ਼ਾ ਹੈ।
ਅਮਰੀਕੀ ਪੁਲਾੜ ਏਜੰਸੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਸ ਦਾ ਐਲਆਰਓ 17 ਸਤੰਬਰ ਨੂੰ ਵਿਕਰਮ ਦੀ ਲੈਂਡਿੰਗ ਸਾਈਟ ਤੋਂ ਲੰਘਿਆ ਸੀ ਅਤੇ ਉਸ ਖੇਤਰ ਦੀ ਹਾਈ ਰੈਜ਼ੋਲਿਊਸ਼ਨ ਫ਼ੋਟੋਆਂ ਹਾਸਲ ਕੀਤੀਆਂ ਸਨ। ਨਾਸਾ ਮੁਤਾਬਕ ਲੂਨਰ ਰਿਕਨੈਸੈਂਸ ਆਰਬਿਟ ਕੈਮਰਾ ਦੀ ਟੀਮ ਨੂੰ ਹਾਲਾਂਕਿ ਲੈਂਡਰ ਦੀ ਸਥਿਤੀ ਜਾਂ ਫ਼ੋਟੋ ਨਹੀਂ ਮਿਲੀ ਸੀ।
ਨਾਸਾ ਦਾ ਕਹਿਣਾ ਹੈ ਕਿ ਜਦੋਂ ਲੈਂਡਿੰਗ ਖੇਤਰ ਤੋਂ ਉਨ੍ਹਾਂ ਦਾ ਆਰਬਿਟ ਲੰਘਿਆ ਤਾਂ ਉੱਥੇ ਕਾਫੀ ਧੁੰਦਲਾ ਸੀ, ਇਸ ਲਈ ਪਰਛਾਵੇਂ ਵਿੱਚ ਜ਼ਿਆਦਾਤਰ ਹਿੱਸਾ ਲੁਕ ਗਿਆ। ਅਜਿਹਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਵਿਕਰਮ ਲੈਂਡਰ ਪਰਛਾਵੇਂ ਵਿੱਚ ਲੁਕਿਆ ਹੋਇਆ ਹੈ। ਐਲਆਰਓ ਜਦੋਂ ਅਕਤੂਬਰ ਵਿੱਚ ਉੱਥੇ ਲੰਘਿਆ ਸੀ ਤਾਂ ਉੱਥੇ ਰੌਸ਼ਨੀ ਸਪੱਸ਼ਟ ਹੋਵੇਗੀ ਅਤੇ ਇੱਕ ਵਾਰ ਮੁੜ ਲੈਂਡਰ ਦੀ ਸਥਿਤੀ ਜਾਂ ਫ਼ੋਟੋ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਦੱਸ ਦਈਏ ਕਿ 7 ਸਤੰਬਰ ਨੂੰ ਇਸਰੋ ਦੇ ਮਿਸ਼ਨ ਚੰਦਰਯਾਨ 2 ਦੇ ਤਹਿਤ ਵਿਕਰਮ ਲੈਂਡਰ ਨੂੰ ਚੰਨ ਦੀ ਸਤਿਹ ਉੱਤੇ ਲੈਂਡ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਚੰਨ ਦੀ ਸਤਿਹ ਤੋਂ ਕੁੱਝ ਹੀ ਦੂਰੀ ਉੱਤੇ ਇਸ ਦਾ ਸੰਪਰਕ ਇਸਰੋ ਨਾਲ ਟੁੱਟ ਗਿਆ ਜਿਸ ਕਾਰਨ ਭਾਰਤ ਇੱਕ ਵੱਡੀ ਪ੍ਰਾਪਤੀ ਹਾਸਲ ਕਰਨ ਵਿੱਚ ਅਸਫ਼ਲ ਹੋ ਗਿਆ।