ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਤੋਂ ਅਰਧ ਸੈਨਿਕ ਬਲਾਂ ਦੇ ਲਗਭਗ 10,000 ਜਵਾਨਾਂ ਦੀ ਤੁਰੰਤ ਵਾਪਸੀ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਜੰਮੂ ਕਸ਼ਮੀਰ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀ ਤਾਇਨਾਤੀ ਦੀ ਸਮੀਖਿਆ ਕੀਤੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਦੱਸ ਦਈਏ ਕਿ ਕੇਂਦਰ ਵੱਲੋਂ ਜੰਮੂ ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰਨ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਤੋਂ ਬਾਅਦ, ਸਾਵਧਾਨੀ ਵਜੋਂ ਪਿਛਲੇ ਸਾਲ ਅਗਸਤ ਵਿਚ ਸੈਨਿਕਾਂ ਦੀ ਤਾਇਨਾਤੀ ਕੀਤੀ ਗਈ ਸੀ।
ਇਕ ਸੀਨੀਅਰ ਅਧਿਕਾਰੀ ਮੁਤਾਬਕ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀਆਂ ਕੁੱਲ 100 ਕੰਪਨੀਆਂ ਨੂੰ ਤੁਰੰਤ ਵਾਪਸੀ ਅਤੇ ਦੇਸ਼ ਵਿੱਚ ਜਾਣ ਥਾਂ ਵਾਪਸ ਭੇਜਣ ਦੇ ਹੁਕਮ ਦਿੱਤੇ ਗਏ ਹਨ ਜਿੱਥੋਂ ਪਿਛਲੇ ਸਾਲ ਉਨ੍ਹਾਂ ਨੂੰ ਧਾਰਾ 370 ਖ਼ਤਮ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਭੇਜਿਆ ਗਿਆ ਸੀ।
ਨਿਰਦੇਸ਼ਾਂ ਮੁਤਾਬਕ, ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀਆਂ ਕੁੱਲ 40 ਕੰਪਨੀਆਂ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ), ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਅਤੇ ਸਸ਼ਤਰ ਸੀਮਾ ਬੱਲ (ਐਸਐਸਬੀ) ਦੀਆਂ ਕੁੱਲ 20-20 ਕੰਪਨੀਆਂ ਨੂੰ ਇਸ ਹਫ਼ਤੇ ਤੱਕ ਜੰਮੂ ਕਸ਼ਮੀਰ ਤੋਂ ਵਾਪਸ ਬੁਲਾਇਆ ਜਾਵੇਗਾ। ਸੀਏਪੀਐਫ ਦੀ ਇਕ ਕੰਪਨੀ ਵਿਚ ਲਗਭਗ 100 ਜਵਾਨ ਹੁੰਦੇ ਹਨ। ਗ੍ਰਹਿ ਮੰਤਰਾਲੇ ਨੇ ਇਸ ਤੋਂ ਪਹਿਲਾਂ ਮਈ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਤੋਂ 10 ਸੀਏਪੀਐਫ ਕੰਪਨੀਆਂ ਨੂੰ ਵਾਪਸ ਬੁਲਾਇਆ ਸੀ।