ਚੰਡੀਗੜ੍ਹ: ਖੇਤੀ ਸੁਧਾਰ ਕਾਨੂੰਨਾਂ ਦੇ ਖਿਲਾਫ ਪੰਜਾਬਭਰ ਵਿੱਚ ਮਾਹੌਲ ਭੱਖਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਕਿਸਾਨ ਇਸ ਕਾਨੂੰਨ ਨੂੰ ਰੱਦ ਕਰਵਾਉਣ ਲਈ ਅੜੇ ਹੋਏ ਹਨ ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਆਪਣੇ ਫੈਸਲੇ 'ਤੇ ਅੜੀ ਹੋਈ ਹੈ। ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਪਾਰਟੀ ਦੱਸਣ ਵਾਲੀ ਭਾਜਪਾ ਸਰਕਾਰ ਦੇ ਕਾਰਜ਼ਕਾਲ ਵਿੱਚ ਅੰਨਦਾਤਾਂ ਸੜਕਾਂ 'ਤੇ ਰੁਲ ਰਿਹਾ ਹੈ। ਉੱਥੇ ਹੀ ਹੁਣ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ 'ਤੇ ਵੀ ਰੋਕ ਲਗਾ ਦਿੱਤੀ ਹੈ।
ਪੰਜਾਬ ਵਿੱਚ ਮਾਲ ਗੱਡੀ ਦੇ ਜਾਣ 'ਤੇ ਕੇਂਦਰ ਨੇ ਲਗਾਈ ਬ੍ਰੇਕ
ਮੋਦੀ ਸਰਕਾਰ ਨੇ ਇੱਕ ਹੋਰ ਨਵਾਂ ਦਾਅ ਖੇਡਦੇ ਹੋਏ ਰੇਲਵੇ ਮਹਿਕਮੇ ਨੂੰ ਪੰਜਾਬ ਵਿੱਚ ਕੋਈ ਵੀ ਮਾਲ ਗੱਡੀ ਨਾ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਪਿਛਲੇ ਦਿਨੀਂ ਕਿਸਾਨਾਂ ਵੱਲੋਂ ਰੇਲ ਲਾਈਨਾਂ 'ਤੇ ਲਗਾਏ ਗਏ ਧਰਨੇ ਚੁੱਕ ਲਏ ਗਏ ਸੀ। ਜਿਸ ਤੋਂ ਬਾਅਦ ਰੇਲਵੇ ਨੇ ਸ਼ਰਤ ਲਾ ਦਿੱਤੀ ਕਿ ਯਾਤਰੀ ਗੱਡੀਆਂ ਵੀ ਚਲਾਉਣ ਦਿੱਤੀਆਂ ਜਾਣ, ਪਰ ਕਿਸਾਨਾਂ ਵੱਲੋਂ ਮਾਲ ਗੱਡੀਆਂ ਦੇ ਚਲਾਉਣ ਦੀ ਹੀ ਇਜਾਜ਼ਤ ਦਿੱਤੀ ਗਈ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਹੈ।
ਰੇਲਵੇ ਨੂੰ ਨਿਰਦੇਸ਼ ਜਾਰੀ
ਕੇਂਦਰ ਰੇਲ ਮੰਤਰਾਲੇ ਨੇ ਦੇਸ਼ 'ਚ ਉੱਚ ਰੇਲ ਅਧਿਕਾਰੀਆਂ ਨੂੰ ਸੁਨੇਹੇ ਲਾਏ। ਰੇਲ ਮੰਤਰਾਲੇ ਦੇ ਸਪੱਸ਼ਟ ਆਦੇਸ਼ ਹਨ ਕਿ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਜਾਵੇ। ਜੋ ਮਾਲ ਗੱਡੀਆਂ ਇਸ ਵੇਲੇ ਪੰਜਾਬ ਵਿੱਚ ਹਨ, ਉਨ੍ਹਾਂ ਨੂੰ ਵਾਪਸ ਬੁਲਾਇਆ ਜਾਵੇ।
ਪੰਜਾਬ ਵਿੱਚ ਵੱਧ ਸਕਦੀ ਹੈ ਮੁਸੀਬਤ
ਮਾਲ ਗੱਡੀਆਂ ਦੇ ਰੋਕੇ ਜਾਣ ਨਾਲ ਹੁਣ ਪੰਜਾਬ ਵਿੱਚ ਖਾਦ, ਕੋਲੇ ਤੇ ਹੋਰ ਸਾਮਾਨ ਦੀ ਕਿੱਲਤ ਹੋਰ ਵਧ ਸਕਦੀ ਹੈ। ਇਸ ਤੋਂ ਇਲਾਵਾ ਗੁਦਾਮਾਂ ਵਿੱਚੋਂ ਅਨਾਜ ਦੀ ਚੁਕਾਈ ਵੀ ਨਹੀਂ ਹੋ ਸਕੇਗੀ।
ਮੁੱਖ ਮੰਤਰੀ ਕੈਪਟਨ ਨੇ ਕੇਂਦਰ ਦੇ ਫੈਸਲੇ ਦਾ ਕੀਤਾ ਵਿਰੋਧ
ਕੇਂਦਰ ਦੇ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ। ਉੱਥੇ ਹੀ ਕਿਸਾਨਾਂ ਦਾ ਗੁੱਸਾ ਵੀ ਹੁਣ ਹੋਰ ਵੱਧ ਗਿਆ ਹੈ।