ਨਵੀਂ ਦਿੱਲੀ: ਪੰਜਾਬ ਦੇ ਕਥਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਹੁਣ ਕੇਂਦਰ ਸਰਕਾਰ ਵੱਲੋਂ ਗਠਿਤ 3 ਮੈਂਬਰੀ ਕਮੇਟੀ ਕਰੇਗੀ। ਕਥਿਤ ਬਹੁ-ਕਰੋੜੀ ਘੁਟਾਲੇ ਨੂੰ ਲੈ ਕੇ ਪਿਛਲੇ ਦਿਨੀਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਚਿੱਠੀ ਵੀ ਲਿਖੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਇੱਕ ਵਫ਼ਦ ਕੇਂਦਰੀ ਮੰਤਰੀ ਨੂੰ ਮਿਲਿਆ ਵੀ ਸੀ।
ਸੂਤਰਾਂ ਅਨੁਸਾਰ 3 ਮੈਂਬਰੀ ਇਸ ਕਮੇਟੀ ਵਿੱਚ ਜੁਆਇੰਟ ਸਕੱਤਰ ਕਲਿਆਣੀ ਚੱਡਾ, ਐਮ.ਏ. ਮੀਨਾ ਅਤੇ ਪ੍ਰਕਾਸ਼ ਤਾਮਰਕਰ ਸ਼ਾਮਲ ਹਨ। ਕਮੇਟੀ ਦੀ ਅਗਵਾਈ ਕਲਿਆਣੀ ਚੱਡਾ ਕਰਨਗੇ ਅਤੇ 4 ਹਫ਼ਤਿਆਂ ਅੰਦਰ ਇਹ ਕਮੇਟੀ ਆਪਣੀ ਰਿਪੋਰਟ ਸੌਂਪੇਗੀ।
ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਂਅ ਇਸ ਕਥਿਤ ਘੁਟਾਲੇ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇਸ ਸਬੰਧੀ ਕੇਂਦਰੀ ਰਾਜ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਸਾਂਸਦ ਸੋਮ ਪ੍ਰਕਾਸ਼ ਨੇ ਥਾਵਰ ਚੰਦ ਗਹਿਲੋਤ ਨੂੰ ਇੱਕ ਚਿੱਠੀ ਵੀ ਲਿਖੀ ਸੀ, ਜਿਸ ਦਾ ਸੰਗਿਆਨ ਲੈਂਦੇ ਹੋਏ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਇਸ ਘੁਟਾਲੇ ਦੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਸਨ।
ਜਾਂਚ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਉੱਪਰ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਇਸ ਨੂੰ ਸੰਵਿਧਾਨ ਦੇ ਸੰਘੀ ਢਾਂਚੇ ਉਪਰ ਹਮਲਾ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਕੇਂਦਰ ਸਰਕਾਰ ਗ਼ੈਰ ਭਾਜਪਾ ਸਰਕਾਰਾਂ ਵਾਲੇ ਰਾਜਾਂ ਉੱਪਰ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਦੀ ਸਰਕਾਰ ਨਹੀਂ ਡੋਲੇਗੀ।
ਇਸ ਦੇ ਨਾਲ ਹੀ ਐੱਮਐੱਸਪੀ 'ਤੇ ਹੋ ਰਹੀ ਰਾਜਨੀਤੀ 'ਤੇ ਸੋਮ ਪ੍ਰਕਾਸ਼ ਨੇ ਕਿਹਾ ਕਿ ਇਹ ਆਧਾਰਹੀਣ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਪਹਿਲਾਂ ਹੀ ਪ੍ਰੈੱਸ ਕਾਨਫਰੰਸ ਰਾਹੀਂ ਇਹ ਸਾਫ਼ ਕਰ ਦਿੱਤਾ ਹੈ ਕਿ ਐੱਮਐੱਸਪੀ ਜਾਰੀ ਰਹੇਗੀ।
ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜੀਐੱਸਟੀ ਫੰਡਾਂ ਦਾ ਭੁਗਤਾਨ ਨਾ ਹੋਣ ਦੇ ਮਾਮਲੇ 'ਤੇ ਸੋਮ ਪ੍ਰਕਾਸ਼ ਨੇ ਕਿਹਾ ਕੇ ਮਾਰਚ ਤੱਕ ਸਾਰੀਆਂ ਰਾਜ ਸਰਕਾਰਾਂ ਨੂੰ ਬਕਾਇਆ ਰਕਮ ਭੇਜ ਦਿੱਤੀ ਗਈ ਹੈ। ਮਹਾਂਮਾਰੀ ਦੇ ਕਾਰਨ ਹੋਈ ਤਾਲਾਬੰਦੀ ਤੋਂ ਬਾਅਦ ਜੀਐੱਸਟੀ ਦੀ ਰਕਮ ਵੱਡੀ ਮਾਤਰਾ ਵਿੱਚ ਘਟੀ ਹੈ। ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਵੀ ਗੱਲ ਹੋਈ ਹੈ।
ਇਸ ਦੇ ਨਾਲ ਹੀ ਜੰਮੂ ਅਤੇ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਅਧਿਕਾਰਿਕ ਭਾਸ਼ਾ ਵਿੱਚ ਸ਼ਾਮਲ ਨਾ ਕੀਤੇ ਜਾਣ 'ਤੇ ਸੋਮ ਪ੍ਰਕਾਸ਼ ਨੇ ਖੇਦ ਜਤਾਇਆ ਅਤੇ ਕਿਹਾ ਕਿ ਪੰਜਾਬੀ ਭਾਸ਼ਾ ਪੰਜਾਬੀਆਂ ਦੀ ਭਾਸ਼ਾ ਹੈ। ਇਸ ਨੂੰ ਕਿਸੇ ਇੱਕ ਧਰਮ ਜਾਂ ਖੇਤਰ ਨਾਲ ਜੋੜਨਾ ਨਾ-ਇਨਸਾਫ਼ੀ ਹੋਵੇਗੀ। ਹਿੰਦੂ, ਸਿੱਖ, ਮੁਸਲਮਾਨ ਭਾਈਚਾਰੇ ਦੇ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ ਅਤੇ ਇਸ ਦੇ ਨਾਲ ਹੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸਰਕਾਰੀ ਅਫ਼ਸਰ ਹੁੰਦਿਆਂ ਉਨ੍ਹਾਂ ਨੇ ਕਦੇ ਵੀ ਅੰਗਰੇਜ਼ੀ ਜਾਂ ਹੋਰ ਭਾਸ਼ਾ ਵਿੱਚ ਆਪਣੇ ਦਸਤਖ਼ਤ ਨਹੀਂ ਕੀਤੇ।