ਨਵੀਂ ਦਿੱਲੀ: ਉੱਤਰਪ੍ਰਦੇਸ਼ ਦੇ ਪੀਲੀਭੀਤ ਵਿੱਚ ਬਿਨਾਂ ਇਜਾਜ਼ਤ ਤੋਂ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਨਗਰ ਕੀਰਤਨ ਸਜਾਉਣ ਦੇ ਮਾਮਲੇ ਵਿੱਚ ਪੁਲਿਸ ਨੇ 55 ਸਿੱਖ ਸ਼ਰਧਾਲੂਆਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਾਮਲੇ ਵਿੱਚ ਦਖ਼ਲ ਦੇਣ ਲਈ ਕਿਹਾ।
ਜਾਣਕਾਰੀ ਮੁਤਾਬਕ ਪੁਲਿਸ ਨੇ ਨਗਰ ਕੀਰਤਨ 'ਚ ਵਰਤੀ ਗਈ ਕਾਰ ਤੇ ਕੇਸਰੀ ਨਿਸ਼ਾਨ ਵੀ ਜ਼ਬਤ ਕੀਤਾ ਹੈ। ਐੱਸਐੱਚਓ ਸੰਜੀਵ ਕੁਮਾਰ ਉਪਾਧਿਆਏ ਨੇ ਦੱਸਿਆ ਕਿ ਇਲਾਕੇ ਵਿੱਚ ਧਾਰਾ 144 ਲਗਾਈ ਗਈ ਸੀ ਤੇ ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਪਾਬੰਦੀ ਸੀ।
ਦੂਜੇ ਪਾਸੇ, ਖੇੜੀ ਨੌਬਾਰਾਮਡ ਪਿੰਡ ਦੇ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਬ-ਡਿਵੀਜ਼ਨਲ ਮੈਜਿਸਟ੍ਰੇਟ ਕਾਲੀਨਗਰ ਸਰਕਲ ਹਰੀ ਓਮ ਸ਼ਰਮਾ ਤੋਂ ਨਗਰ ਕੀਰਤਨ ਲਈ ਇਜਾਜ਼ਤ ਮੰਗੀ ਸੀ ਜੋਕਿ ਉਨ੍ਹਾਂ ਨਹੀਂ ਦਿੱਤੀ।
ਸਿੱਖ ਸ਼ਰਧਾਲੂਆਂ ਨੇ ਇਹ ਸੋਚ ਕੇ ਨਗਰ ਕੀਰਤਨ ਕੱਢਿਆ ਕਿ ਉਹ ਸ਼ਾਂਤਮਈ ਢੰਗ ਨਾਲ ਧਾਰਮਿਕ ਰਸਮ ਪੂਰੀ ਕਰ ਰਹੇ ਹਨ ਜਿਸ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਉਨ੍ਹਾਂ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ।