ਤੇਲੰਗਾਨਾ: ਕੋਰੋਨਾ ਲਾਗ ਦੇ ਵੱਧਦੇ ਮਾਮਲਿਆਂ ਵਿੱਚ ਹੈਦਰਾਬਾਦ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੈਦਰਾਬਾਦ ਦੇ 26 ਸਾਲਾ ਦੇ ਨੌਜਵਾਨ ਨੇ ਮਰਨ ਤੋਂ ਕੁਝ ਮਿੰਟ ਪਹਿਲਾਂ ਆਪਣੇ ਪਿਤਾ ਨੂੰ ਇੱਕ ਸੈਲਫ਼ੀ ਵੀਡੀਓ ਭੇਜਿਆ ਸੀ ਜਿਸ 'ਚ ਉਸ ਨੇ ਦੱਸਿਆ ਕਿ ਡਾਕਟਰ ਨੇ ਵੈਂਟੀਲੇਟਰ ਹਟਾ ਦਿੱਤਾ ਹੈ ਜਿਸ ਕਾਰਨ ਉਹ ਠੀਕ ਤਰ੍ਹਾਂ ਸਾਹ ਨਹੀਂ ਲੈ ਪਾ ਰਿਹਾ।
ਇਹ ਘਟਨਾ ਸ਼ੁੱਕਰਵਾਰ ਦੀ ਰਾਤ ਨੂੰ ਹੋਈ ਸੀ ਪਰ ਇਹ ਉਦੋਂ ਸਾਹਮਣੇ ਆਈ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗ ਗਈ।
ਨੌਜਵਾਨ ਨੇ ਸੈਲਫ਼ੀ ਵੀਡੀਓ 'ਚ ਦੱਸਿਆ ਕਿ ਉਨ੍ਹਾਂ ਨੇ ਵੈਂਟੀਲੇਟਰ ਹਟਾ ਦਿੱਤਾ ਹੈ। ਪਿਛਲੇ 3 ਘੰਟਿਆਂ ਤੋਂ ਮੈਂ ਸਾਹ ਨਹੀਂ ਲੈ ਪਾ ਰਿਹਾ ਪਰ ਕੋਈ ਸੁਣ ਨਹੀਂ ਰਿਹਾ। ਮੇਰੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਸਿਰਫ਼ ਫੇਫੜੇ ਹੀ ਕੰਮ ਕਰਨ ਰਹੇ ਹਨ ਪਰ ਮੈਂ ਸਾਹ ਨਹੀਂ ਲੈ ਪਾ ਰਿਹਾ। ਡੈਡੀ.... ਅਲਵਿਦਾ ਡੈਡੀ... ਅਲਵਿਦਾ ਆਲ ਅਲਵਿਦਾ ਡੈਡੀ...... ਹੈਦਰਾਬਾਦ ਦੇ ਸਿਵਲ ਚੈਸਟ ਹਸਪਤਾਲ 'ਚ ਦਾਖਲ ਕੋਰੋਨਾ ਮਰੀਜ਼ ਨੇ ਇਹ ਵੀਡੀਓ ਬਣਾ ਕੇ ਆਪਣੇ ਪਿਤਾ ਨੂੰ ਭੇਜੀ।
ਮ੍ਰਿਤਕ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਵੀਡੀਓ ਭੇਜਣ ਦੇ ਕੁਝ ਮਿੰਟ ਬਾਅਦ ਹੀ ਮੁੰਡੇ ਦੀ ਮੌਤ ਹੋ ਗਈ। ਸ਼ਨਿਚਰਵਾਰ ਨੂੰ ਮ੍ਰਿਤਕ ਨੌਜਵਾਨ ਦਾ ਅੰਤਮ ਸਸਕਾਰ ਕਰ ਦਿੱਤਾ।
ਇਸ ਦੇ ਨਾਲ ਹੀ ਉਹ ਕਹਿੰਦੇ ਹਨ ਕਿ 24 ਜੂਨ ਨੂੰ ਉਨ੍ਹਾਂ ਦੇ ਮੁੰਡੇ ਨੂੰ ਤੇਜ਼ ਬੁਖਾਰ ਸੀ ਜਿਸ ਤੋਂ ਬਾਅਦ ਉਸ ਨੂੰ ਹੈਦਰਾਬਾਦ ਦੇ ਚੈਸਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ 26 ਜੂਨ ਨੂੰ ਉਸ ਦੀ ਮੌਤ ਹੋ ਗਈ।
ਹਾਲਾਂਕਿ, ਚੈਸਟ ਹਸਪਤਾਲ ਦੇ ਸੁਪਰਡੈਂਟ ਮਹਿਬੂਬ ਖ਼ਾਨ ਨੇ ਵੈਂਟੀਲੇਟਰ ਹਟਾਏ ਜਾਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।