ਨਵੀਂ ਦਿੱਲੀ: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬੀਤੇ ਕੱਲ੍ਹ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਰਸਿਮਰਤ ਬਾਦਲ ਦੇ ਅਸਤੀਫ਼ਾ ਦੇਣ ਤੋਂ ਬਾਅਦ ਕੇਂਦਰ ਤੇ ਪੰਜਾਬ ਦੀ ਸਿਆਸਤ 'ਚ ਹਲਚਲ ਵਧ ਗਈ ਹੈ। ਹਰ ਕੋਈ ਆਪਣੇ-ਆਪਣੇ ਕਿਆਸ ਲਗਾ ਰਿਹਾ ਹੈ। ਜਿਥੇ ਅਕਾਲੀ ਦਲ ਆਪਣੇ ਇਸ ਫੈਸਲੇ ਨੂੰ ਕਿਸਾਨ ਪੱਖੀ ਦੱਸ ਰਹੇ ਹਨ ਉਥੇ ਹੀ ਵਿਰੋਧੀ ਪਾਰਟੀਆਂ ਇਸ 'ਤੇ ਨਿਸ਼ਾਨੇ ਵਿੰਨ੍ਹ ਰਹੇ ਹਨ। ਅਜਿਹੇ 'ਚ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਭਰ ਦੇ ਕਿਸਾਨਾਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ਾ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਅਸਤੀਫੇ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਬਾਦਲ ਨੇ ਕਿਹਾ ਕਿ ਇਹ ਇੱਕ ਲੰਬੇ ਸੰਘਰਸ਼ ਦੀ ਸ਼ੁਰੂਆਤ ਹੈ ਅਤੇ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਕਿੰਨਾ ਮੁਸ਼ਕਿਲ ਸੀ ?
ਇਸ ਬਾਰੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਮੰਤਰੀ ਮੰਡਲ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਮੁੱਦੇ ਚੁੱਕੇ ਹਨ। ਫਿਰ ਚਾਹੇ ਉਹ ਸਿੱਖ ਕਤਲੇਆਮ ਦਾ ਮਸਲਾ ਹੋਵੇ ਜਾਂ ਕਰਤਾਰਪੁਰ ਦਾ ਮੁੱਦਾ ਜਾਂ ਫਿਰ ਕੁਝ ਹੋਰ। ਬਾਦਲ ਨੇ ਕਿਹਾ, " ਮੈਂ ਦੁਖੀ ਹਾਂ ਕਿ ਮੈਂ ਆਪਣੇ ਸੂਬੇ ਦੇ ਕਿਸਾਨਾਂ ਦੇ ਮੁੱਦੇ ਇਸ ਸਰਕਾਰ ਤੱਕ ਨਹੀਂ ਪਹੁੰਚਾ ਸਕੀ। ਅਸਤੀਫ਼ਾ ਦੇਣ ਦਾ ਫੈਸਲਾ ਮੇਰੇ ਲਈ ਮੁਸ਼ਕਿਲ ਨਹੀਂ ਸੀ, ਜਦੋਂ ਮੈਨੂੰ ਕੈਬਿਨੇਟ ਅਤੇ ਪੰਜਾਬ ਦੇ ਕਿਸਾਨਾਂ ਵਿਚੋਂ ਕਿਸੇ ਇੱਕ ਦੀ ਚੋਣ ਕਰਨੀ ਪਈ ਤਾਂ ਮੈਂ ਆਪਣੇ ਕਿਸਾਨ ਭਰਾਵਾਂ ਦੀ ਚੋਣ ਕੀਤੀ, ਜਿਨ੍ਹਾਂ ਨੇ ਮੈਨੂੰ ਚੁਣਿਆ ਅਤੇ ਸੰਸਦ ਤੱਕ ਲਿਆਇਆ ਸੀ।
ਬੀਬੀ ਬਾਦਲ ਦਾ ਕੈਪਟਨ ਨੂੰ ਜਵਾਬ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੰਨ੍ਹੇ ਗਏ ਨਿਸ਼ਾਨੇ 'ਤੇ ਬਾਦਲ ਨੇ ਕਿਹਾ ਕਿ ਉਹ ਫਾਰਮ ਹਾਊਸ ਤੋਂ ਆਪਣੀ ਸਰਕਾਰ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਲੋਕੀ ਖ਼ੁਦ ਉਨ੍ਹਾਂ ਨੂੰ ਜਵਾਬ ਦੇਣਗੇ।
ਪੀਐਮ ਮੋਦੀ ਦੇ ਜਨਮਦਿਨ ਮੌਕੇ ਅਸਤੀਫ਼ਾ
ਪ੍ਰਧਾਨ ਮੰਤਰੀ ਦੇ ਜਨਮਦਿਨ ਵਾਲੇ ਦਿਨ ਅਸਤੀਫ਼ਾ ਦਿੱਤੇ ਜਾਣ 'ਤੇ ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ 6 ਸਾਲਾਂ ਵਿੱਚ ਬਹੁਤ ਕੁਝ ਸਿੱਖਿਆ ਹੈ ਪਰ ਪ੍ਰਧਾਨ ਮੰਤਰੀ ਨੇ ਹੀ ਸਿਖਾਇਆ ਹੈ ਕਿ ਆਪਣੀ ਅਵਾਜ਼ ਨੂੰ ਬੁਲੰਦ ਰੱਖਣਾ ਚਾਹੀਦਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਪੰਜਾਬ, ਹਰਿਆਣਾ ਦੇ ਜੋ ਕਿਸਾਨ ਹਨ, ਉਨ੍ਹਾਂ ਲਈ ਆਪਣੀ ਆਵਾਜ਼ ਬੁਲੰਦ ਕਰ ਪਾਈ।
ਇਸ ਦੇ ਨਾਲ ਹੀ ਹਰਸਿਮਰਤ ਬਾਦਲ ਨੇ ਕਿਹਾ ਕਿ ਫਿਲਹਾਲ ਇਹ ਬਿੱਲ ਰਾਜ ਸਭਾ ਵਿੱਚ ਹੈ, ਅਸੀਂ ਇਸ ਦੇ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਪਾਰਟੀ ਫੈਸਲਾ ਕਰੇਗੀ ਕਿ ਅਗਲੀ ਰਣਨੀਤੀ ਕੀ ਹੋਵੇਗੀ।