ਨਵੀਂ ਦਿੱਲੀ: ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਐਤਵਾਰ ਨੂੰ ਕਿਹਾ ਹੈ ਕਿ ਰਾਸ਼ਟਰੀ ਲੋਕਤੰਤਰ ਗਠਜੋੜ (ਐਨਡੀਏ) ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਚੋਣ ਜਿੱਤੇਗਾ। ਬਿਹਾਰ ਵਿੱਚ ਅਕਤੁਬਰ-ਨਵੰਬਰ ਮਹੀਨਿਆਂ ਦੇ ਵਿਚਕਾਰ ਚੋਣਾਂ ਹੋਣੀਆਂ ਹਨ।
ਬਿਹਾਰ ਭਾਜਪਾ ਦੀ ਇੱਕ ਵਰਚੁਅਲ ਮੀਟਿੰਗ ਵਿੱਚ ਨੱਢਾ ਦੀ ਇਹ ਟਿੱਪਣੀ ਨਿਤੀਸ਼ ਕੁਮਾਰ ਦੀ ਜੇਡੀਯੂ ਅਤੇ ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਐਲਜੇਪੀ ਵਿਚਾਲੇ ਤਿੱਖੀ ਲੜਾਈ ਦੇ ਵਿਚਕਾਰ ਆਈ ਹੈ। ਬਿਹਾਰ ਭਾਜਪਾ ਪ੍ਰਦੇਸ਼ ਕਾਰਜਕਾਰੀ ਦੀ 2 ਰੋਜ਼ਾ ਡਿਜੀਟਲ ਬੈਠਕ ਦੀ ਵੀਡੀਓ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਵਿਰੋਧੀ ਪਾਰਟੀਆਂ ਨੂੰ ਵੀ ਨਿਸ਼ਾਨਾ ਬਣਾਇਆ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜਨਤਾ ਦਲ (ਯੂ), ਲੋਜਪਾ ਤੇ ਭਾਜਪਾ ਜਦੋਂ ਵੀ ਰਲ ਕੇ ਲੜੇ ਉਦੋਂ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਤੇ ਇਸ ਵਾਰ ਵੀ ਅਜਿਹਾ ਹੋਵੇਗਾ। ਨੱਢਾ ਨੇ ਇਹ ਵੀ ਦਾਅਵਾ ਕੀਤਾ ਕਿ ਬਿਹਾਰ ਅਤੇ ਹੋਰ ਕਿਧਰੇ ਵਿਰੋਧੀ ਧਿਰ ਦਾ ਕੋਈ ਪ੍ਰਭਾਵ ਨਹੀਂ ਹੈ ਅਤੇ ਭਾਜਪਾ ਇੱਕੋ ਇੱਕ ਅਜਿਹੀ ਪਾਰਟੀ ਹੈ, ਜਿਸ ਨੂੰ ਲੋਕ ਉਮੀਦ ਨਾਲ ਦੇਖਦੇ ਹਨ। ਉਨ੍ਹਾਂ ਨੇ ਬਿਹਾਰ ਸਰਕਾਰ ਵੱਲੋਂ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਅਤੇ ਹੜ੍ਹਾਂ ਦੇ ਪ੍ਰਬੰਧਨ ਦੀ ਪ੍ਰਸ਼ੰਸਾ ਵੀ ਕੀਤੀ।