ਨਵੀਂ ਦਿੱਲੀ: ਪੰਜਾਬ ਭਾਜਪਾ ਦੀ ਕੋਰ ਕਮੇਟੀ ਦੀ ਬੈਠਕ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਦੇ ਨਾਲ ਦਿੱਲੀ ਵਿੱਚ ਹੋਈ। 3 ਘੰਟੇ ਤੋਂ ਵੱਧ ਸਮੇਂ ਤੱਕ ਚਲੀ ਇਸ ਬੈਠਕ ਵਿੱਚ ਭਾਜਪਾ ਦੀ ਪੰਜਾਬ ਟੀਮ ਨੇ ਕਿਸਾਨ ਕਾਨੂੰਨ ਵਿਵਸਥਾ, ਦਲਿਤਾਂ 'ਤੇ ਹੋ ਰਹੇ ਹਮਲਿਆਂ 'ਤੇ ਚਰਚਾ ਕੀਤੀ।
ਸੂਬੇ ਵਿੱਚ ਪਾਰਟੀ ਦੀ ਮਜਬੂਤੀ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਸੂਬੇ ਵਿੱਚ ਕਿਸਾਨਾਂ ਨੂੰ ਲੈ ਕੇ ਰਣਨੀਤੀ 'ਤੇ ਵੀ ਚਰਚਾ ਹੋਈ। ਪੰਜਾਬ ਵਿੱਚ ਕਿਸਾਨ ਲਗਾਤਾਰ ਖੇਤੀਬਾੜੀ ਸਬੰਧੀ ਲਿਆਂਦੇ ਗਏ ਤਿੰਨ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤੇ ਸੂਬੇ ਦੇ ਭਾਜਪਾ ਆਗੂਆਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ।
ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਦੀ ਸਹਿਯੋਗੀ ਰਹੀ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਨਾਲ ਗੱਠਜੋੜ ਗੱਠਜੋੜ ਵੀ ਤੋੜ ਲਿਆ ਹੈ ਜਿਸ ਤੋਂ ਬਾਅਦ ਭਾਜਪਾ ਸੂਬੇ ਵਿੱਚ ਆਪਣੀ ਗਤੀਵਿਧੀਆਂ ਨੂੰ ਹੌਲੀ-ਹੌਲੀ ਵਧਾ ਰਹੀ ਹੈ।
ਬੈਠਕ ਖ਼ਤਮ ਹੋਣ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਫਰੰਟ 'ਤੇ ਨਾਕਾਮਯਾਬ ਹੋ ਰਹੀ ਹੈ ਭਾਵੇਂ ਉਹ ਦਲਿਤਾਂ ਦਾ ਮੁੱਦਾ ਹੋਵੇ ਜਾਂ ਫਿਰ ਔੜਤਾਂ ਦੀ ਸੁਰੱਖਿਆ ਦਾ।
ਸੂਬੇ ਵਿੱਚ ਆਏ ਦਿਨ ਜਬਰ ਜਨਾਹ ਦੇ ਮਾਮਲੇ ਵੱਧ ਰਹੇ ਹਨ ਤੇ ਦਲਿਤਾਂ 'ਤੇ ਅਤਿਆਚਾਰ ਹੋ ਰਿਹਾ ਹੈ, ਨਾਲ ਹੀ ਕਿਹਾ ਕਿ ਬਰਨਾਲਾ ਵਿੱਚ 4 ਸਾਲਾ ਬੱਚੀ ਨਾਲ ਹੋਏ ਜਬਰ ਜਨਾਹ ਦਾ ਵੀ ਜ਼ਿਕਰ ਕੀਤਾ। ਕੈਪਟਨ ਅਮਰਿੰਦਰ ਦੀ ਸਰਕਾਰ ਦੇ ਕੁਝ ਮੰਤਰੀ ਵੀ ਕਥਿਤ ਤੌਰ 'ਤੇ ਦਲਿਤ ਵਿਦਿਆਰਥੀਆਂ ਦੇ ਲਈ ਭੇਜੇ ਗਏ ਪੈਸਿਆਂ ਦੇ ਘਪਲਾ ਕਰ ਚੁੱਕੇ ਹਨ।।
ਇਨ੍ਹਾਂ ਸਾਰੇ ਮੁੱਦਿਆਂ 'ਤੇ ਬੈਠਕ ਵਿੱਚ ਚਰਚਾ ਕੀਤੀ ਗਈ। ਕਿਸਾਨਾਂ ਦੇ ਮੁੱਦੇ 'ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਬਣਾਏ ਗਏ ਹਨ ਤੇ ਇਹ ਗੱਲ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਅਕਾਲੀ ਦਲ ਬਾਰੇ ਪੁੱਛੇ ਜਾਣ 'ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਟੁੱਟ ਚੁੱਕਿਆ ਹੈ ਜਿਸ ਸਬੰਧੀ ਬੈਠਕ ਵਿੱਚ ਕੋਈ ਚਰਚਾ ਨਹੀਂ ਹੋਈ ਹੈ।