ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਐਤਵਾਰ ਨੂੰ ਕੋਵਿਡ-19 ਕਾਰਨ ਲਗਾਈ ਤਾਲਾਬੰਦੀ ਦੌਰਾਨ ਦੇਸ਼ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਮਾੜੀ ਸਥਿਤੀ ਲਈ ਭਾਜਪਾ ਅਤੇ ਕਾਂਗਰਸ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਮਾਇਆਵਤੀ ਨੇ ਮੀਡੀਆ ਨੂੰ ਕਿਹਾ, "ਨਾ ਤਾਂ ਕੇਂਦਰ ਅਤੇ ਨਾ ਹੀ ਸੂਬਾ ਸਰਕਾਰਾਂ ਪ੍ਰਵਾਸੀਆਂ 'ਤੇ ਕੇਂਦ੍ਰਿਤ ਹਨ। ਜਦੋਂ ਪ੍ਰਵਾਸੀ ਮਜ਼ਦੂਰ ਭੁੱਖ ਨਾਲ ਮਰਨ ਲੱਗ ਪਏ ਅਤੇ ਉਨ੍ਹਾਂ ਦੀਆਂ ਕੰਪਨੀਆਂ ਦੁਆਰਾ ਉਨ੍ਹਾਂ ਨੂੰ ਮਜ਼ਦੂਰੀ ਨਾ ਦਿੱਤੀ ਗਈ ਤਾਂ ਉਨ੍ਹਾਂ ਨੇ ਨਿਰਾਸ਼ਾ ਵਿੱਚ ਆਪਣੇ ਰਾਜਾਂ ਵੱਲ ਵਧਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਸੀ।"
ਉਨ੍ਹਾਂ ਅੱਗੇ ਕਿਹਾ, "ਭਾਜਪਾ ਅਤੇ ਕਾਂਗਰਸ ਇੱਕ ਦੂਜੇ 'ਤੇ ਦੋਸ਼ ਲਗਾਉਂਦੇ ਰਹੇ ਅਤੇ ਇਸ ਮੁੱਦੇ 'ਤੇ ਘਿਣਾਉਣੀ ਰਾਜਨੀਤੀ ਖੇਡਦੇ ਰਹੇ। ਹਾਲਾਂਕਿ, ਇਹ ਦੋਵੇਂ ਧਿਰਾਂ ਤਾਲਾਬੰਦੀ ਦੇ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਲਈ ਬਰਾਬਰ ਜ਼ਿੰਮੇਵਾਰ ਹਨ।"
ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਵਿੱਚ ਰਹਿੰਦਿਆਂ ਕਾਂਗਰਸ ਨੇ ਗ਼ਰੀਬਾਂ ਦੀ ਸਹਾਇਤਾ ਲਈ ਕੋਈ ਕੰਮ ਨਹੀਂ ਕੀਤਾ ਅਤੇ ਰੋਜ਼ੀ-ਰੋਟੀ ਕਮਾਉਣ ਲਈ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਕੋਈ ਪ੍ਰਬੰਧ ਨਹੀਂ ਕੀਤਾ ਅਤੇ ਕੰਮ ਦੀ ਭਾਲ ਵਿੱਚ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਬਾਹਰ ਜਾਣ ਲਈ ਮਜਬੂਰ ਕੀਤਾ ਹੈ।
ਬਸਪਾ ਮੁਖੀ ਨੇ ਕਿਹਾ, "ਆਜ਼ਾਦੀ ਤੋਂ ਬਾਅਦ ਕਾਂਗਰਸ ਵਧੇਰੇ ਸਮੇਂ ਲਈ ਕੇਂਦਰ ਅਤੇ ਬਹੁਤੇ ਰਾਜਾਂ ਵਿੱਚ ਸੱਤਾ ਵਿੱਚ ਸੀ। ਲੋਕ ਹੋਰ ਰਾਜਾਂ ਜਾਂ ਸ਼ਹਿਰਾਂ ਵਿੱਚ ਜਾਣ ਲੱਗ ਪਏ ਸਨ ਜਦੋਂ ਉਨ੍ਹਾਂ ਦੇ ਨੇੜਲੀਆਂ ਥਾਵਾਂ 'ਤੇ ਰੁਜ਼ਗਾਰ ਦੇ ਮੌਕੇ ਨਹੀਂ ਸਨ। ਕਮਜ਼ੋਰ ਵਰਗ ਦੀ ਸਥਿਤੀ ਬਹੁਤ ਮਾੜੀ ਸੀ। ਇੱਥੋਂ ਤੱਕ ਕਿ ਉਨ੍ਹਾਂ ਦੇ ਨੇਤਾਵਾਂ ਖ਼ਿਲਾਫ਼ ਕੇਸ ਵੀ ਦਰਜ ਕੀਤੇ ਗਏ ਸਨ।"
ਉਨ੍ਹਾਂ ਕਿਹਾ, "ਕਾਂਗਰਸ ਐਸਸੀ/ਐਸਟੀ ਐਕਟ ਨੂੰ ਲਾਗੂ ਕਰਨ ਦੇ ਵਿਰੁੱਧ ਸੀ ਅਤੇ ਇਹੀ ਕਾਰਨ ਸੀ ਕਿ ਡਾ. ਬੀ.ਆਰ. ਅੰਬੇਦਕਰ ਨੇ ਜਵਾਹਰ ਲਾਲ ਨਹਿਰੂ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ।
ਉਨ੍ਹਾਂ ਕਾਂਗਰਸ ਵੱਲੋਂ ਕੀਤੇ ਦਾਅਵੇ ਕਿ ਬਸਪਾ ਜਲਦੀ ਹੀ ਭਾਜਪਾ ਨਾਲ ਹੱਥ ਮਿਲਾ ਲਵੇਗੀ ਨੂੰ ਝੂਠਾ ਦੱਸਦਿਆਂ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਜਾਂ ਕਾਂਗਰਸ ਨਾਲ ਗੱਠਜੋੜ ਵਿੱਚ ਚੋਣਾਂ ਨਹੀਂ ਲੜੇਗੀ।
ਮਾਇਆਵਤੀ ਨੇ ਕਿਹਾ, "ਕਾਂਗਰਸ ਨੇ ਕਿਹਾ ਕਿ ਬਸਪਾ ਭਾਜਪਾ ਨਾਲ ਹੱਥ ਮਿਲਾਉਣਾ ਚਾਹੁੰਦੀ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਅਸੀਂ ਕਦੇ ਵੀ ਭਾਜਪਾ ਜਾਂ ਕਾਂਗਰਸ ਨਾਲ ਗਠਜੋੜ ਕਰਕੇ ਕੋਈ ਚੋਣ ਨਹੀਂ ਲੜਾਂਗੇ।"