ਨਵੀਂ ਦਿੱਲੀ: ਦੇਸ਼ ਵਿੱਚ ਜਿੱਥੇ ਕੋਰੋਨਾ ਵਾਇਰਸ ਤੋਂ ਨਿਜਾਤ ਨਹੀਂ ਮਿਲਿਆ ਹੈ, ਉੱਥੇ ਹੀ ਹੁਣ ਬਰਡ ਫਲੂ ਦੀ ਦਸਤਕ ਨੇ ਦੇਸ਼ ਦੇ ਕਈ ਸੂਬਿਆਂ 'ਚ ਦਹਿਸ਼ਤ ਮਾਹੌਲ ਬਣਾ ਦਿੱਤਾ ਹੈ। ਜਿਸ ਦੇ ਮੱਦੇ ਨਜ਼ਰ ਭਾਰਤ ਸਰਕਾਰ ਨੇ ਕਈ ਸੂਬਿਆਂ 'ਚ ਹਾਈ ਅਲਰਟ ਜਾਰੀ ਕਰ ਦਿੱਤੀ ਹੈ। ਇਨ੍ਹਾਂ ਸੂਬਿਆਂ 'ਚ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ, ਜੰਮੂ-ਕਸ਼ਮੀਰ, ਕੇਰਲਾ ਸਮੇਤ ਦੇਸ਼ ਦੇ ਕਈ ਰਾਜ ਸ਼ਾਮਲ ਹਨ, ਜਿਥੇ ਪੰਛੀਆਂ ਦੀ ਮੌਤ ਨਾਲ ਹੜਕੰਪ ਮਚ ਗਿਆ ਹੈ।
ਪੰਚਕੂਲਾ 'ਚ 2 ਲੱਖ ਮੁਰਗੀਆਂ ਦੀ ਮੌਤ
ਹਰਿਆਣਾ ਦੇ ਪੰਚਕੂਲਾ 'ਚ ਵੱਡੀ ਗਿਣਤੀ 'ਚ ਮੁਰਗੀਆਂ ਦੀ ਮੌਤ ਨਾਲ ਹੜਕੰਪ ਮੱਚ ਗਿਆ ਹੈ। ਪੰਚਕੂਲਾ ਵਿੱਚ 15 ਦਿਨਾਂ 'ਚ 2 ਲੱਖ ਮੁਰਗੀਆਂ ਦੀ ਮੌਤ ਹੋ ਚੁੱਕੀ ਹੈ। ਜਾਂਚ ਲਈ ਸੈਂਪਲ ਜਲੰਧਰ ਤੇ ਭੋਪਾਲ ਭੇਜੇ ਗਏ ਹਨ। ਕੇਰਲ 'ਚ ਬਰਡ ਫਲੂ ਨੂੰ ਆਫਤ ਐਲਾਨ ਦਿੱਤਾ ਗਿਆ ਹੈ।
ਲਗਾਤਾਰ ਵੱਧ ਰਹੀਆਂ ਪੰਛੀਆਂ ਦੀ ਮੌਤਾਂ ਦੀ ਗਿਣਤੀ
ਕੇਰਲ ਵਿੱਚ ਹੁਣ ਤੱਕ 1700 ਬੱਤਖਾਂ ਦੀ ਮੌਤ ਹੋ ਚੁੱਕੀ ਹੈ। ਰਾਜਸਥਾਨ ਦੇ ਝਲਾਵਾੜ, ਕੋਟਾ ਸਮੇਤ 16 ਜ਼ਿਲ੍ਹਿਆਂ ਵਿੱਚ ਹੁਣ ਤੱਕ 625 ਪੰਛੀ ਆਪਣੀ ਜਾਨ ਗੁਆ ਚੁੱਕੇ ਹਨ। ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਲਗਭਗ 100 ਦੀ ਮੌਤ, ਇੰਦੌਰ ਵਿੱਚ 142, ਮਾਲਵੇ ਵਿੱਚ 112 ਅਤੇ ਖਰਗੋਨ ਜ਼ਿਲ੍ਹੇ ਵਿੱਚ 13 ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪੋਂਗ ਝੀਲ ਵਿਖੇ 2739 ਪ੍ਰਵਾਸੀਆਂ ਅਤੇ ਸਥਾਨਕ ਪੰਛੀਆਂ ਦੀ ਮੌਤ ਤੋਂ ਬਾਅਦ ਮੁਰਗੀ, ਬੱਤਖਾਂ ਅਤੇ ਅੰਡਿਆਂ ਦੀ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ।
ਕੰਟਰੋਲ ਰੂਮ ਸਥਾਪਤ
ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਕੇਰਲਾ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ, ਭਾਰਤ ਸਰਕਾਰ ਨੇ ਰਾਜ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਰੋਕਥਾਮ ਅਤੇ ਨਿਯੰਤਰਣ ਉਪਾਵਾਂ ਦੇ ਰੋਜ਼ਾਨਾ ਅਧਾਰ 'ਤੇ ਸਟਾਕ ਲੈਣ ਲਈ ਨਵੀਂ ਦਿੱਲੀ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ।