ਬਿਲਾਸਪੁਰ/ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਅਗਲੇ ਦੋ ਦਿਨਾਂ ਤੱਕ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਵਲੋਂ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨੂੰ ਵੇਖਦੇ ਹੋਏ ਬਿਲਾਸਪੁਰ ਸਥਿਤ ਭਾਖੜਾ ਡੈਮ ਦੇ ਫਲੱਡ ਗੇਟਸ ਖੋਲ੍ਹ ਦਿੱਤੇ ਗਏ ਹਨ। ਇਹ ਗੇਟਸ ਇਸ ਲਈ ਖੋਲ੍ਹੇ ਗਏ ਹਨ ਤਾਂ ਜੋ ਮੀਂਹ ਦੇ ਸਮੇਂ ਪਾਣੀ ਨੂੰ ਡੈਮ ਵਿੱਚ ਜਮਾਂ ਕਰਨ ਲਈ ਜ਼ਰੂਰੀ ਸਪੇਸ ਪਹਿਲਾਂ ਤੋਂ ਤਿਆਰ ਰੱਖੀ ਜਾ ਸਕੇ।
ਕਿੰਨੀ ਹੈ ਭਾਖੜਾ ਡੈਮ ਦੀ ਸਮਰੱਥਾ?
ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਏਕੇ ਅਗਰਵਾਲ ਨੇ ਦੱਸਿਆ ਕਿ ਡੈਮ ਵਿੱਚ ਜ਼ਿਆਦਾ ਤੋਂ ਜ਼ਿਆਦਾ 1680 ਫੁੱਟ ਤੱਕ ਪਾਣੀ ਆ ਸਕਦਾ ਹੈ, ਪਰ ਫਿਲਹਾਲ ਡੈਮ ਵਿੱਚ ਪਾਣੀ ਦਾ ਪੱਧਰ 1674 ਫੁੱਟ ਹੈ। ਜਾਣਕਾਰੀ ਅਨੁਸਾਰ ਭਾਖੜਾ ਡੈਮ ਤੋਂ ਫਿਲਹਾਲ 19000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਬੀਬੀਐੱਮਬੀ ਨੇ ਇਹ ਫੈਸਲਾ ਲਿਆ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਹੁਣ ਤੱਕ ਕਿੰਨਾ ਪਾਣੀ ਛੱਡਿਆ ਗਿਆ?
ਚੀਫ਼ ਇੰਜੀਨੀਅਰ ਨੇ ਦੱਸਿਆ ਕਿ ਇਸ ਸਮੇਂ ਟਰਬਾਇਨ ਦੇ ਰਾਹੀਂ ਬਿਜਲੀ ਉਤਪਾਦਨ ਲਈ 36000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਹ ਪਾਣੀ ਭਾਖੜਾ ਤੋਂ ਨਿਕਲ ਕਰ ਨੰਗਲ ਡੈਮ ਪਹੁੰਚੇਗਾ। ਹੁਣ ਭਾਖੜਾ ਡੈਮ ਤੋਂ 50-55 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਸ ਵਿੱਚ ਕਰੀਬ 23000 ਕਿਊਸਿਕ ਨਹਿਰਾਂ ਵਿੱਚ ਅਤੇ 27-30 ਹਜ਼ਾਰ ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਤਲੁਜ ਵਿੱਚ ਪਾਣੀ ਛੱਡਣ ਤੋਂ ਪਹਿਲਾਂ ਬੋਰਡ ਨੇ ਡੀਸੀ ਰੂਪਨਗਰ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਜਾਣਕਾਰੀ ਦੇ ਦਿੱਤੀ ਹੈ, ਤਾਂਕਿ ਹੇਠਲੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਜੇ ਸਤਲੁਜ ਦਰਿਆ ਵਿੱਚ ਸਵਾਂ ਨਦੀ ਜਾਂ ਹੋਰ ਖੱਡਾਂ ਦਾ ਪਾਣੀ ਜ਼ਿਆਦਾ ਮਾਤਰਾ ਵਿੱਚ ਆਵੇ, ਤਾਂ ਬੋਰਡ ਉਸ ਦਿਨ ਭਾਖੜਾ ਤੋਂ ਘੱਟ ਪਾਣੀ ਛੱਡੇਗਾ, ਤਾਂਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਹੜ੍ਹ ਦਾ ਖ਼ਤਰਾ ਨਾ ਬਣੇ।
ਪੰਜਾਬ-ਹਰਿਆਣਾ ਵਿੱਚ ਅਲਰਟ ਜਾਰੀ
ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਨਾਲ ਪੰਜਾਬ ਵਿੱਚ ਹੜ੍ਹ ਦੇ ਹਾਲਾਤ ਬਣ ਸਕਦੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਪਰ, ਹਾਲਾਤਾਂ ਉੱਤੇ ਵਿਭਾਗ ਵਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।