ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਇਕਲੌਤੇ ਸਾਂਸਦ ਭਗਵੰਤ ਸਿੰਘ ਮਾਨ ਨੇ ਲੋਕ ਸਭਾ ਵਿੱਚ ਪਛੜੇ ਲੋਕਾਂ ਦੀ ਮਦਦ ਕਰਨ ਵਾਲੇ ਵਿਭਾਗ ਦੇ ਮੁੱਦੇ 'ਤੇ ਬਹਿਸ ਕਰਦਿਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਪੋਲ ਖੋਲ੍ਹੀ ਅਤੇ ਆਪਣੇ ਅੰਦਾਜ਼ ਵਿੱਚ ਕਵਿਤਾਵਾਂ ਕਹਿ ਕੇ ਵਿਰੋਧੀਆਂ 'ਤੇ ਨਿਸ਼ਾਨੇ ਵੀ ਲਾਏ।
ਮਾਨ ਨੇ ਇਸ ਵੇਲੇ ਕਿਹਾ ਕਿ ਹਰ ਪਾਰਟੀ ਕਹਿੰਦੀ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਆਈ ਤਾਂ ਉਹ ਗ਼ਰੀਬੀ ਹਟਾ ਦੇਣਗੇ ਪਰ ਗ਼ਰੀਬੀ ਕੋਈ ਸਰਕਾਰ ਹਟਾ ਨਹੀਂ ਸਕਦੀ ਸਗੋਂ ਗ਼ਰੀਬੀ ਨੂੰ ਪੜ੍ਹਾਈ ਹਟਾ ਸਕਦੀ ਹੈ। ਸਰਕਾਰ ਦਾ ਆਹ ਹਾਲ ਹੈ ਕਿ ਲੋਕ ਰੁਜ਼ਗਾਰ ਮੰਗਦੇ ਨੇ ਰਾਜਨੇਤਾ ਕਹਿੰਦੇ ਨੇ ਤੁਸੀਂ ਝੋਲੀ ਅੱਡੋ ਅਸੀਂ ਆਟਾ, ਦਾਲ ਦੇਵਾਂਗੇ।
ਇਸ ਦੇ ਨਾਲ ਹੀ ਮਾਨ ਨੇ ਸਦਨ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਵਿੱਚ ਕੀਤੇ ਕੰਮਾਂ ਦੇ ਸੋਹਲੇ ਗਾਏ।
ਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਦਾ ਸਿੱਖਿਆ ਪੱਧਰ ਉੱਚਾ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਸਕੂਲਾਂ ਵਿੱਚ ਮਿਡ ਡੇ ਮੀਲ ਦੇ ਮੁਲਾਜ਼ਮਾਂ ਦਾ ਰੈਂਕ ਵਧਾਉਣਾ ਚਾਹੀਦਾ ਹੈ।
ਇਸ ਦੇ ਨਾਲ ਮਾਨ ਨੇ ਸਕਾਲਰਸ਼ਿਪ ਦਾ ਮੁੱਦਾ ਵੀ ਚੁੱਕਿਆ ਕਿਉਂਕਿ ਪੰਜਾਬ ਵਿੱਚ ਇਸ ਵੇਲੇ ਇਹ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਪੰਜਾਬ ਸਰਕਾਰ ਕਹਿੰਦੀ ਹੈ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੋਈ ਸਕਾਲਰਸ਼ਿੱਪ ਨਹੀਂ ਦਿੱਤੀ ਜਦੋਂ ਕਿ ਕੇਂਦਰ ਕਹਿੰਦੀ ਹੈ ਕਿ ਉਹ ਪਹਿਲਾਂ ਹੀ ਦੇ ਚੁੱਕੇ ਹਨ ਅਤੇ ਪੰਜਾਬ ਸਰਕਾਰ ਨੇ ਉਸ ਨੂੰ ਹੋਰ ਹੀ ਕਿਤੇ ਵਰਤ ਲਿਆ ਹੈ।
ਇਸ ਦੌਰਾਨ ਮਾਨ ਨੇ ਸਦਨ ਵਿੱਚ ਬਾਬਾ ਨਜ਼ਮੀ ਦੀ ਕਵਿਤਾ ਵੀ ਸੁਣਾਈ
ਸ਼ੀਸ਼ੇ ਉਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ।
ਜ਼ਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ ।
ਜਿਹਨਾਂ ਦੇ ਗਲ ਲੀਰਾਂ ਪਈਆਂ ਉਹਨਾਂ ਵੱਲੇ ਤੱਕਦੇ ਨਈਂ,
ਕੱਬਰਾਂ ਉਤੇ ਤਿੱਲੇ ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ
ਇਸ ਤੋਂ ਬਾਅਦ ਸੰਤ ਰਾਮ ਉਦਾਸੀ ਦੀ ਕਵਿਤਾ ਨਾਲ ਮਾਨ ਨੇ ਆਪਣੀ ਵਾਰੀ ਨੂੰ ਖ਼ਤਮ ਕੀਤਾ।
ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਈਂ ਵੇ ਸੂਰਜਾ……