ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਤਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਰੈਲੀ ਦੌਰਾਨ ਪੁਲਿਸ ਨਾਲ ਹੋਈ ਝੜਪ ਤੋਂ ਬਾਅਦ ਬਲਵਿੰਦਰ ਸਿੰਘ ਨਾਮ ਦੇ ਸਿੱਖ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਦਿੱਲੀ ਸਿੱਖ ਗਰੁਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਤਹਿਤ ਖ਼ਬਰ ਆਈ ਹੈ ਕਿ ਪੱਛਮੀ ਬੰਗਾਲ ਸਰਕਾਰ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਤੇ ਉਸ ਖ਼ਿਲਾਫ਼ ਦਰਜ ਸਾਰੇ ਕੇਸ ਖਾਰਜ ਕਰਨ ਲਈ ਸਹਿਮਤ ਹੋ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਤੇ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਆਖਰ 9 ਦਿਨ ਦੇ ਲੰਬੇ ਸੰਘਰਸ਼ ਤੋਂ ਬਾਅਦ ਕੋਲਕਾਤਾ ਦੀ ਸਮੁੱਚੀ ਸਿੱਖ ਸੰਗਤ, ਸਿੰਘ ਸਭਾਵਾਂ ਤੇ ਦੁਨੀਆਂ ਭਰ ਦੇ ਸਿੱਖਾਂ ਦੀ ਅਰਦਾਸ ਸਫਲ ਹੋਈ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਤੇ ਕੇਸ ਖਾਰਜ ਕਰਨ ਲਈ ਸਹਿਮਤ ਹੋ ਗਈ ਹੈ।
![Bengal government will release Balwinder Singh, who was arrested by the Kolkata police](https://etvbharatimages.akamaized.net/etvbharat/prod-images/9203041_yy.jpg)
ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਹੱਲ ਕਰਨ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਪੱਛਮੀ ਬੰਗਾਲ ਦੇ ਡੀਜੀਪੀ ਵਰਿੰਦਰ ਸਿੰਘ ਤੋਂ ਇਲਾਵਾ ਕੋਲਕਾਤਾ ਦੀ ਸਿੱਖ ਸੰਗਤ ਤੇ ਸਿੰਘ ਸਭਾਵਾਂ ਦਾ ਵੱਡਾ ਰੋਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੰਘ ਸਾਹਿਬ ਅਤੇ ਸਿੰਘ ਸਭਾਵਾਂ ਨੇ ਸਮਝਾਇਆ ਕਿ ਬਲਵਿੰਦਰ ਸਿੰਘ ਕਿਤੇ ਵੀ ਦੋਸ਼ੀ ਨਹੀਂ, ਉਸ ਦਾ ਲਾਇਸੰਸ ਵੀ ਆਲ ਇੰਡੀਆ ਹੈ ਤੇ ਉਹ ਸਾਬਕਾ ਫੌਜੀ ਹੈ ਜਿਸ ਨੇ 20 ਸਾਲ ਦੇਸ਼ ਦੀ ਸੇਵਾ ਕੀਤੀ ਹੈ। ਇਨ੍ਹਾਂ ਪ੍ਰਤੀਨਿਧਾਂ ਨੇ ਅਫਸਰ ਨੂੰ ਸਾਰੇ ਦਸਤਾਵੇਜ਼ ਵੀ ਵਿਖਾਏ ਤੇ ਗਲਤਫਹਿਮੀਆਂ ਦੂਰ ਕੀਤੀਆਂ।
![Bengal government will release Balwinder Singh, who was arrested by the Kolkata police](https://etvbharatimages.akamaized.net/etvbharat/prod-images/9203041_ii.jpg)
ਇਸ ਉਪਰੰਤ ਸਰਕਾਰ ਨੇ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਤੇ ਇਹ ਵੀ ਭਰੋਸਾ ਦਿੱਤਾ ਕਿ ਉਹਨਾਂ ਖ਼ਿਲਾਫ਼ ਦਰਜ ਕੀਤੇ ਗਏ ਸਾਰੇ ਕੇਸ ਵੀ ਖਾਰਜ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਸੰਘਰਸ਼ ਨੂੰ 9 ਦਿਨ ਲੱਗ ਗਏ ਪਰ ਸਿੱਖਾਂ ਦੀ ਇਜਕੁੱਟਤਾ ਅਤੇ ਕੋਲਕਾਤਾ ਦੇ ਸਾਰੇ ਸਿੱਖਾਂ ਤੇ ਸਿੰਘ ਸਭਾਵਾਂ ਦੇ ਅਹਿਮ ਰੋਲ ਸਦਕਾ ਸਦਕਾ ਸਿੱਖ ਸਰਕਾਰ ਨੂੰ ਦਸਤਾਰ ਅਤੇ ਕੇਸਾਂ ਦੀ ਅਹਿਮੀਅਤ ਤੇ ਬਲਵਿੰਦਰ ਸਿੰਘ ਦੇ ਬਕਸੂਰ ਹੋਣ ਦੀ ਗੱਲ ਸਮਝਾਉਣ ਵਿੱਚ ਸਫਲ ਰਹੇ।