ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਹਾਰ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 'ਗੋਲ਼ੀ ਮਾਰੋ' ਅਤੇ 'ਭਾਰਤ-ਪਾਕਿ ਮੈਚ' ਜਿਹੇ ਬਿਆਨਾਂ ਤੋਂ ਭਾਜਪਾ ਦੇ ਨੇਤਾਵਾਂ ਨੂੰ ਬਚਣਾ ਚਾਹੀਦਾ ਸੀ।
ਨਿਊਜ਼ ਏਜੰਸੀ ਪੀਟੀਆਈ ਨੇ ਅਮਿਤ ਸ਼ਾਹ ਦੇ ਹਵਾਲੇ ਤੋਂ ਕਿਹਾ, "ਹੋ ਸਕਦਾ ਹੈ ਪਾਰਟੀ ਨੇਤਾਵਾਂ ਵੱਲੋਂ ਦਿੱਤੇ ਗਏ ਨਫ਼ਰਤ ਭਰੇ ਬਿਆਨਾਂ ਕਰ ਕੇ ਹੀ ਭਾਜਪਾ ਨੂੰ ਵੋਟਾਂ ਵਿੱਚ ਨੁਕਸਾਨ ਝੱਲਣਾ ਪਿਆ ਹੈ।"
ਸ਼ਾਹ ਨੇ ਕਿਹਾ, "ਅਸੀਂ ਸਿਰਫ਼ ਹਾਰ ਜਾਂ ਜਿੱਤ ਲਈ ਵੋਟਾਂ ਨਹੀਂ ਲੜਦੇ, ਵੋਟਾਂ ਬਹੁਤ ਸਾਰੀਆਂ ਪਾਰਟੀਆਂ ਲਈ ਸਰਕਾਰ ਬਣਾਉਣ ਜਾਂ ਸਰਕਾਰ ਸੁੱਟਣ ਲਈ ਹੁੰਦੀਆਂ ਹਨ। ਭਾਜਪਾ ਇੱਕ ਵਿਚਾਰਧਾਰਾ 'ਤੇ ਅਧਾਰਿਤ ਪਾਰਟੀ ਹੈ। ਸਾਡੇ ਲਈ ਵੋਟਾਂ ਸਾਡੀ ਵਿਚਾਰਧਾਰਾ ਨੂੰ ਵਧਾਉਣ ਦੀਆਂ ਵੀ ਵੋਟਾਂ ਹੁੰਦੀਆਂ ਹਨ। ਅਸੀਂ ਸਿਰਫ਼ ਹਾਰ- ਜਿੱਤ ਲਈ ਵੋਟਾਂ ਨਹੀਂ ਲੜਦੇ। ਦਿੱਲੀ ਚੋਣਾਂ ਨੂੰ ਲੈ ਕੇ ਮੇਰਾ ਅੰਦਾਜ਼ਾ ਗ਼ਲਤ ਸਾਬਤ ਹੋਇਆ।"
ਹੁਣ ਜੇ ਇੱਕ ਪਿੱਛੇ ਝਾਤ ਮਾਰੀਏ ਤਾਂ ਯਾਦ ਆਉਂਦਾ ਹੈ ਕਿ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਗੋਲ਼ੀ ਮਾਰੋ ਵਾਲਾ ਬਿਆਨ ਦਿੱਤਾ ਸੀ। ਐਨਾ ਹੀ ਨਹੀਂ ਝਾੜੂ ਛੱਡ ਕੇ ਕਮਲ ਦਾ ਫੁੱਲ ਫੜਨ ਵਾਲੇ ਕਪਿਲ ਮਿਸ਼ਰਾ ਨੇ ਭਾਰਤ-ਪਾਕਿਸਤਾਨ ਮੈਚ ਵਾਲਾ ਬੇਤੁਕਾ ਬਿਆਨ ਦਿੱਤਾ ਸੀ।
ਜ਼ਿਕਰ ਕਰ ਦਈਏ ਕਿ ਦਿੱਲੀ ਦੀਆਂ ਚੋਣਾਂ ਵਿੱਚ 70 ਸੀਟਾਂ ਵਿੱਚੋਂ 62 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤੀ ਜਨਤਾ ਪਾਰਟੀ ਨੂੰ ਮਸਾਂ ਹੀ 8 ਸੀਟਾਂ ਮਿਲ ਸਕੀਆਂ। ਹੋ ਸਕਦਾ ਹੈ ਇਸ ਹਾਰ ਦੀ ਸਮੀਖਿਆ ਕਰਦੇ ਹੋਏ ਗ੍ਰਹਿ ਮੰਤਰੀ ਨੂੰ ਪਤਾ ਲੱਗਿਆ ਹੋਵੇ ਕਿ ਗੋਲ਼ੀ ਮਾਰੋ ਅਤੇ ਭਾਰਤ ਪਾਕਿਸਤਾਨ ਮੈਚ ਵਾਲੇ ਬਿਆਨਾਂ ਕਰਕੇ ਪਾਰਟੀ ਨੂੰ ਭਾਰੀ ਨੁਕਸਾਨ ਚੱਕਣਾ ਪਿਆ ਹੈ।
ਪਰ ਗੱਲ ਇੱਥੇ ਹੀ ਨਹੀਂ ਮੁੱਕਦੀ ਗ੍ਰਹਿ ਮੰਤਰੀ ਨੇ ਸਿਰਫ਼ ਦੋ ਬਿਆਨਾਂ ਦਾ ਹੀ ਜ਼ਿਕਰ ਕਰ ਦਈਏ, ਪਰ ਜੋ ਬਿਆਨ ਚੋਣਾਂ ਵੇਲੇ ਦਿੱਤੇ ਗਏ ਸੀ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਤਾਂ ਚੋਣਾਵੀ ਫ਼ਿਜ਼ਾ ਵਿੱਚ ਜ਼ਹਿਰ ਘੋਲਣ ਦਾ ਕੰਮ ਕੀਤਾ ਸੀ।