ਲਖਨਊ: ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਨੂੰ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਮਾਮਲੇ 'ਚ ਇਲਾਹਾਬਾਦ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਹਾਈ ਕੋਰਟ ਦੇ ਜੱਜ ਰਾਹੁਲ ਚਤੁਰਵੇਦੀ ਨੇ ਜ਼ਮਾਨਤ ਦੇ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਸ਼ਾਹਜਹਾਂਪੁਰ ਸਥਿਤ ਚਿਨਮਿਆਨੰਦ ਦੇ ਐਸਐਸ ਲਾਅ ਕਾਲਜ ਦੀ ਵਿਦਿਆਰਥਣ ਨੇ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਉਸ ਵੇਲੇ ਚਿਨਮਿਆਨੰਦ ਨੇ ਵੀ ਪੀੜ੍ਹਤਾ 'ਤੇ ਪੰਜ ਕਰੋੜ ਰੁਪਏ ਦੀ ਮੰਗ ਦੇ ਇਲਜ਼ਾਮ ਲਾਏ ਸਨ। ਚਿਨਮਿਆਨੰਦ ਨੂੰ ਆਖਰਕਾਰ ਪੁਲਿਸ ਨੇ ਉਨ੍ਹਾਂ ਦੇ ਹੀ ਆਸ਼ਰਮ 'ਚੋਂ ਗ੍ਰਿਫ਼ਤਾਰ ਕਰ ਲਿਆ ਸੀ।
ਇਸ ਮਾਮਲੇ ਦੀ ਐਸਆਈਟੀ ਜਾਂਚ ਕਰ ਰਹੀ ਸੀ। ਟੀਮ ਨੇ ਆਪਣੀ ਜਾਂਚ ਰਿਪੋਰਟ ਹਾਈ ਕੋਰਟ ਨੂੰ ਸੌਂਪੀ ਸੀ।
ਜ਼ਿਕਰਯੋਗ ਹੈ ਕਿ ਸਵਾਮੀ ਚਿਨਮਿਆਨੰਦ ਦੇ ਤੇਲ ਮਾਲਿਸ਼ ਵਾਲੀ ਵੀਡੀਓ ਤੇ ਪੀੜ੍ਹਤਾ ਨਾਲ ਉਸ ਦੇ ਦੋਸਤਾਂ ਵੱਲੋਂ ਪੈਸੇ ਮੰਗਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਐਸਆਈਟੀ ਨੇ ਇਸੇ ਵੀਡੀਓ ਦੇ ਆਧਾਰ 'ਤੇ ਚਿਨਮਿਆਨੰਦ, ਪੀੜ੍ਹਤਾ ਤੇ ਉਸ ਦੇ ਦੋਸਤਾਂ ਨੂੰ ਜੇਲ੍ਹ ਭੇਜ ਦਿੱਤਾ ਸੀ।
ਚਿਨਮਿਆਨੰਦ ਨੇ ਪਹਿਲਾਂ ਇਨ੍ਹਾਂ ਬਿਆਨਾਂ ਨੂੰ ਬੇਬੁਨਿਆਦ ਦੱਸਿਆ ਸੀ ਪਰ ਬਾਅਦ 'ਚ ਐਸਆਈਟੀ ਟੀਮ ਸਾਹਮਣੇ ਸਾਰੇ ਇਲਜ਼ਾਮਾਂ ਨੂੰ ਸਵੀਕਾਰ ਕਰਦੇ ਹੋਏ ਸ਼ਰਮਿੰਦਾ ਹੋਣ ਦੀ ਗੱਲ ਕਹੀ ਸੀ।