ਕਾਠਮੰਡੂ: ਨੇਪਾਲ ਦੇ ਕੇਬਲ ਟੈਲੀਵਿਜ਼ਨ ਆਪ੍ਰੇਟਰਾਂ ਨੇ ਦੱਸਿਆ ਕਿ ਦੇਸ਼ ਵਿੱਚ ਦੂਰਦਰਸ਼ਨ ਨੂੰ ਛੱਟ ਕੇ ਭਾਰਤੀ ਸਮਾਚਾਰ ਚੈਨਲਾਂ ਦੇ ਲਈ ਸਿੰਗਨਲ ਬੰਦ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਇਹ ਫ਼ੈਸਲਾ ਨੇਪਾਲ ਸਰਕਾਰ ਦਾ ਨਹੀਂ ਹੈ। ਇਸ ਸਬੰਧ ਵਿੱਚ ਨੇਪਾਲ ਸਰਕਾਰ ਵੱਲੋਂ ਕੋਈ ਵੀ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਖ਼ਬਰਾਂ ਮੁਤਾਬਕ ਕੇਬਲ ਆਪ੍ਰੇਟਰਾਂ ਨੇ ਖ਼ੁਦ ਹੀ ਭਾਰਤੀ ਟੀ.ਵੀ. ਚੈਨਲਾਂ ਉੱਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਰੋਕ ਕੇਵਲ ਖ਼ਬਰਾਂ ਵਾਲੇ ਚੈਨਲਾਂ ਉੱਤੇ ਹੈ ਨਾ ਕਿ ਮਨੋਰੰਜਨ ਵਾਲੇ ਚੈਨਲਾਂ ਉੱਤੇ।
ਦੋਵੇਂ ਦੇਸ਼ਾਂ ਦੇ ਵਿਚਕਾਰ ਚੱਲ ਰਹੇ ਤਨਾਅ ਦੇ ਵਿਚਕਾਰ ਇਹ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ, ਕਿਉਂਕਿ ਇਹ ਆਮ ਆਦਮੀ ਦੇ ਮੂਡ ਨੂੰ ਦਰਸਾਉਂਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਓਲੀ ਬਨਾਮ ਪ੍ਰਚੰਡ ਲੜਾਈ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ, ਹਾਲਾਂਕਿ ਚੈਨਲਾਂ ਉੱਤੇ ਬੈਨ ਲਾਉਣਾ ਜ਼ਿਆਦਾ ਰਾਸ਼ਟਰਵਾਦੀ ਫ਼ੈਸਲਾ ਹੈ।
ਨਾਂਅ ਨਾ ਦੱਸਣ ਦੀ ਸ਼ਰਤ ਉੱਤੇ ਇੱਕ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਕੇਬਲ ਆਪ੍ਰੇਟਰਾਂ ਦਾ ਮੰਨਣਾ ਹੈ ਕਿ ਭਾਰਤੀ ਟੈਲੀਵਿਜ਼ਨ ਉੱਤੇ ਦਿਖਾਏ ਜਾਣ ਵਾਲੀਆਂ ਖ਼ਬਰਾਂ ਨੇਪਾਲ ਸਰਕਾਰ, ਨੇਪਾਲੀ ਲੋਕਾਂ ਅਤੇ ਸੰਸਕ੍ਰਿਤੀ ਦਾ ਅਪਮਾਨ ਕਰਦੇ ਹਨ, ਨਾ ਹੀ ਉਹ ਸਾਡੇ ਨਕਸ਼ੇ ਦਾ ਸਨਮਾਨ ਕਰਦੇ ਹਨ। ਇਹ ਨੇਪਾਲੀ ਜਨਤਾ ਦੇ ਵਿਰੁੱਧ ਹੈ।
ਅਧਿਕਾਰੀ ਨੇ ਕਿਹਾ ਕਿ ਨੇਪਾਲ ਵਿੱਚ ਵੱਡੇ ਪੈਮਾਨੇ ਉੱਤੇ ਲੋਕਾਂ ਵਿੱਚ ਇਹ ਭਾਵਨਾ ਹੈ ਕਿ ਭਾਰਤ ਸਾਡੇ ਪ੍ਰਤੀ ਭਾਈਚਾਰੇ ਦਾ ਰਵੱਈਆ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਸਰਕਾਰ ਦੇ ਦਬਾਅ ਵਿੱਚ ਇਹ ਕਦਮ ਚੁੱਕਿਆ ਗਿਆ ਹੈ।