ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰਤੀ ਏਅਰ ਲਾਈਨ ਨੇ ਇੱਕ ਨਵਾਂ ਉਪਰਾਲਾ ਕੀਤਾ ਹੈ। ਏਅਰ ਇੰਡੀਆ ਨੇ ਆਪਣੇ ਜਹਾਜ਼ ਉੱਤੇ ੴ ਦਾ ਧਾਰਮਿਕ ਚਿੰਨ੍ਹ ਬਣਵਾਇਆ ਹੈ। ਏਅਰ ਇੰਡੀਆ ਦੇ ਇਸ ਜਹਾਜ਼ ਨੇ ਅੱਜ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਲੰਡਨ ਲਈ ਪਹਿਲੀ ਉਡਾਣ ਭਰੀ ਹੈ।
ਉਡਾਣ ਦੀ ਰਵਾਨਗੀ ਤੋਂ ਪਹਿਲਾਂ ਹਵਾਈ ਅੱਡੇ ਉੱਤੇ ਅਰਦਾਸ ਕੀਤੀ ਗਈ ਅਤੇ ਫਿਰ ਉਡਾਣ ਨੂੰ ਲੰਡਨ ਲਈ ਰਵਾਨਾ ਕੀਤਾ ਗਿਆ। ਇਸ ਜਹਾਜ਼ ਨੇ ਅੰਮ੍ਰਿਤਸਰ ਤੋਂ ਸਟੈਨਸਟਡ ਜਾਣਿ ਕਿ ਲੰਡਨ ਲਈ ਉਡਾਣ ਭਰੀ ਹੈ।
ਉਡਾਣ ਨੂੰ ਰਵਾਨਾ ਕਰਨ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਕਈ ਹੋਰ ਆਗੂ ਮੌਜੂਦ ਰਹੇ। ਇਸ ਮੌਕੇ ਸੋਮ ਪ੍ਰਕਾਸ਼ ਅਤੇ ਸ਼ਵੇਤ ਮਲਿਕ ਨੇ ਫਲਾਈਟ ਲਈ ਮੋਦੀ ਸਰਕਾਰ ਅਤੇ ਏਅਰ ਇੰਡੀਆ ਦਾ ਧੰਨਵਾਦ ਕੀਤਾ।
ਇੱਥੇ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਲੰਡਨ ਜਾਣ ਵਾਲੀ ਇਹ ਫਲਾਈਟ ਹਫ਼ਤੇ ਵਿੱਚ ਤਿੰਨ ਦਿਨ ਸੋਮਵਾਰ, ਵੀਰਵਾਰ ਅਤੇ ਸਨਿੱਚਰਵਾਰ ਨੂੰ ਹੀ ਉਡਾਣ ਭਰੇਗੀ।