ਪੁਲਵਾਮਾ: ਕਸ਼ਮੀਰ ਘਾਟੀ ਵਿੱਚ ਮਾੜੇ ਹਲਾਤਾਂ ਕਾਰਨ ਇੱਥੋਂ ਦੇ ਬਹੁਤ ਸਾਰੇ ਨੌਜਵਾਨ ਅੱਤਵਾਦੀ ਸੰਗਠਨਾਂ ਵਿਚ ਸ਼ਾਮਲ ਹੋ ਗਏ ਹਨ ਅਤੇ ਦੱਖਣੀ ਕਸ਼ਮੀਰ ਦਾ ਪੁਲਵਾਮਾ ਜ਼ਿਲ੍ਹਾ ਅੱਤਵਾਦ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਪਰ ਹੁਣ ਨੌਜਵਾਨ ਦੂਜੀਆਂ ਗਤੀਵਿਧੀਆਂ ਵਿੱਚ ਵੀ ਆਪਣੇ ਹੱਥ ਅਜ਼ਮਾਉਣ ਲੱਗੇ ਹਨ।
ਪੁਲਵਾਮਾ ਦੇ ਪਿੰਗਲੇਨਾ ਖੇਤਰ ਦੇ ਤਿੰਨ ਨੌਜਵਾਨਾਂ ਨੇ 'ਫਾਲਕਨ' ਨਾਂਅ ਦਾ ਮਿਊਜ਼ਿਕਲ ਬੈਂਡ ਬਣਾਇਆ ਹੈ ਜਿਸ ਦੀ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਨੌਜਵਾਨਾਂ ਨੇ ਆਪਣੇ ਖਰਚੇ ਉੱਤੇ ਸਾਰਾ ਸਾਮਾਨ ਖਰੀਦਿਆ ਹੈ।
ਤਿੰਨਾਂ ਨੌਜਵਾਨਾਂ ਵਿਚੋਂ ਇਕ ਨੇ ਕਿਹਾ ਕਿ ਕਸ਼ਮੀਰ ਵਿਚ ਕਲਾਕਾਰਾਂ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ। ਬਹੁਤ ਸਾਰੇ ਕਲਾਕਾਰ ਆਪਣੇ ਪੈਸੇ ਨਾਲ ਉਪਕਰਣ ਖਰੀਦਦੇ ਹਨ ਅਤੇ ਸ਼ੋਅ ਰੱਖਦੇ ਹਨ।
ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਹ ਅਜੇ ਵੀ ਪੂਰੇ ਹੌਂਸਲੇ ਅਤੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਕਲਾਕਾਰਾਂ ਨੂੰ ਸਹਾਇਤਾ ਦਿੰਦੀ ਹੈ ਤਾਂ ਸਥਿਤੀ ਵਿੱਚ ਸੁਧਾਰ ਹੋ ਸਕਦਾ ਹੈ।
ਦੱਸ ਦਈਏ ਕਿ ਕਿ ਸੰਗੀਤ ਪੁਰਾਣੇ ਸਮੇਂ ਤੋਂ ਹੀ ਘਾਟੀ ਵਿਚ ਚਲਦਾ ਆ ਰਿਹਾ ਹੈ। ਹਾਲਾਂਕਿ ਪਹਿਲਾਂ ਇਥੇ ਸਿਰਫ ਕਸ਼ਮੀਰੀ ਗਾਣੇ ਗਾਏ ਜਾਂਦੇ ਸੀ ਪਰ ਹੁਣ ਇੱਥੋਂ ਦੇ ਬੱਚੇ ਬਾਲੀਵੁੱਡ ਅਤੇ ਹਾਲੀਵੁੱਡ ਸਟਾਈਲ ਦੇ ਗਾਣੇ ਵੀ ਗਾਉਣ ਲੱਗ ਪਏ ਹਨ।