ਕੁਰੂਕਸ਼ੇਤਰ: ਅੱਜ ਕੱਲ੍ਹ ਦੇ ਨੌਜਵਾਨਾਂ ਦੇ ਸਾਹਮਣੇ ਜੇਕਰ ਕੋਈ ਵੱਡੀ ਮੁਸ਼ਕਲ ਹੈ, ਤਾਂ ਉਹ ਹੈ ਬੇਰੁਜ਼ਗਾਰੀ। ਬਚਪਨ ਤੋਂ ਇਹ ਹੀ ਸੁਣਦਿਆਂ ਵੱਡੇ ਹੋਏ ਹਾਂ ਕਿ ਪੜ੍ਹ-ਲਿਖ ਜਾਵਾਂਗੇ ਤਾਂ ਇੱਕ ਵਧੀਆ ਨੌਕਰੀ ਮਿਲੇਗੀ। ਪਰ ਜਦੋਂ ਨੌਕਰੀ ਦੀ ਉਮਰ ਆ ਜਾਂਦੀ ਹੈ ਤਾਂ ਲੱਖਾਂ ਨੌਜਵਾਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਹਰਿਆਣਾ ਦੇ ਕੁਰੂਕਸ਼ੇਤਰ ਦਾ ਰਹਿਣ ਵਾਲਾ ਨੌਜਵਾਨ ਹੈ ਤਰਨਜੀਤ ਮਲਹੋਤਰਾ।
ਤਰਨਜੀਤ ਨੇ ਦਿਲ ਲਾ ਕੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ, ਪਰ ਜਦੋਂ ਉਸ ਨੇ ਨੌਕਰੀ ਲੱਭਣੀ ਸ਼ੁਰੂ ਕੀਤੀ, ਤਾਂ ਉਸ ਦਾ ਚੰਗੀ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਟੁੱਟ ਗਿਆ। ਇਸ ਦੇ ਬਾਵਜੂਦ, ਉਹ ਨਹੀਂ ਹਾਰਿਆ। ਮੋਦੀ ਜੀ ਦੀ ਆਤਮ-ਨਿਰਭਰ ਬਣਨ ਦੀ ਦੇਸ਼ ਵਿਆਪੀ ਪ੍ਰੇਰਣਾ ਤੋਂ ਪਹਿਲਾਂ ਹੀ, ਉਸ ਨੇ ਆਤਮ-ਨਿਰਭਰ ਬਣਨ ਬਾਰੇ ਸੋਚ ਲਿਆ ਸੀ, ਉਸ ਕੋਲ ਨੌਕਰੀ ਨਹੀਂ ਸੀ ਫਿਰ ਉਸ ਨੇ ਕੁੱਤਿਆਂ ਦਾ ਕਾਰੋਬਾਰ ਕਰਨ ਦੀ ਯੋਜਨਾ ਬਣਾਈ।
ਤਰਨਜੀਤ ਮਲਹੋਤਰਾ ਨੇ ਇਹ ਕਾਰੋਬਾਰ 10 ਹਜ਼ਾਰ ਰੁਪਏ ਨਾਲ ਸ਼ੁਰੂ ਕੀਤਾ ਸੀ ਅਤੇ ਅੱਜ ਉਸ ਕੋਲ 50 ਹਜ਼ਾਰ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਕੁੱਤੇ ਹਨ, ਤਰਨਜੀਤ ਇਹ ਕਾਰੋਬਾਰ ਨੂੰ 2 ਤਰੀਕਿਆਂ ਨਾਲ ਕਰਦਾ ਹੈ। ਉਹ ਨਾ ਸਿਰਫ ਕੁੱਤਿਆਂ ਦੀ ਵਿਕਰੀ ਕਰਦਾ ਹੈ ਸਗੋਂ ਖਰੀਦਦਾ ਵੀ ਹੈ। ਉਹ ਮੀਟਿੰਗਾਂ ਵੀ ਕਰਦਾ ਹੈ ਤੇ ਇਸ ਦੇ ਲਈ ਉਹ ਵੱਡੀ ਫੀਸ ਵੀ ਲੈਂਦਾ ਹੈ।
ਇਨ੍ਹਾਂ ਕੁੱਤਿਆਂ ਨੂੰ ਤੁਸੀਂ ਹਲਕੇ ਵਿੱਚ ਨਾ ਲਓ। ਇਨ੍ਹਾਂ ਸਾਰੇ ਕੁੱਤਿਆਂ ਦੀ ਠਾਠ-ਬਾਠ ਵੀ ਰਹੀਸਾਂ ਦੀ ਤਰ੍ਹਾਂ ਹੈ। ਕਰੀਬ 1 ਏਕੜ 'ਚ ਬਣੇ ਇਸ ਫਾਰਮ ਵਿੱਚ, ਇਹ ਕੁੱਤੇ ਏਅਰਕੰਡੀਸ਼ਨਰ ਕਮਰੇ ਵਿੱਚ ਰਹਿੰਦੇ ਹਨ। ਇੰਨਾ ਹੀ ਨਹੀਂ, 2 ਲੋਕਾਂ ਨੂੰ ਸਪੈਸ਼ਲ ਇਨ੍ਹਾਂ ਦੀ ਦੇਖਭਾਲ ਲਈ ਰੱਖਿਆ ਗਿਆ ਹੈ।
ਤਰਨਜੀਤ ਮਲਹੋਤਰਾ ਦੀ ਇਹ ਸਟੋਰੀ ਦੇਸ਼ ਦੇ ਲੱਖਾਂ ਬੇਰੁਜ਼ਗਾਰਾਂ ਦੇ ਲਈ ਪ੍ਰੇਰਣਦਾਇਕ, ਕਿਉਂਕਿ ਤਰਨਜੀਤ ਮਲਹੋਤਰਾ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਜੇਕਰ ਇੱਕ ਰਾਹ ਬੰਦ ਮਿਲੇ ਤਾਂ ਦੂਜੇ ਰਾਹ ਜਾਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਕੀ ਪਤਾ ਕਾਮਯਾਬੀ ਉੱਥੇ ਤੁਹਾਡਾ ਇੰਤਜ਼ਾਰ ਕਰ ਰਹੀ ਹੋਵੇ?