ਨਵੀਂ ਦਿੱਲੀ: ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਉੱਤਰ ਪੂਰਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿੱਥੇ ਵਿਰੋਧ ਪ੍ਰਦਰਸ਼ਨ ਜਾਰੀ ਹੈ, ਉੱਥੇ ਹੀ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਨਾਗਰਿਕਤਾ ਹਾਸਿਲ ਕਰਨ ਦੀ ਉਮੀਦ ਕਰਨ ਵਾਲੇ ਲੋਕ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।
ਦਿੱਲੀ ਵਿਚ ਮਜਨੂੰ ਕਾ ਟੀਲਾ ਕੋਲ ਰਹਿਣ ਵਾਲੇ ਇਕ ਪਾਕਿਸਤਾਨੀ ਹਿੰਦੂ ਸ਼ਰਨਾਰਥੀ ਨੇ ਨਵੇਂ ਜੰਮੇ ਬੱਚੇ ਦਾ ਨਾਂਅ ਨਾਗਰਿਕਤਾ ਰੱਖਿਆ ਹੈ। ਪਿਛਲੇ 7 ਸਾਲਾਂ ਤੋਂ ਭਾਰਤ ਵਿਚ ਸ਼ਰਨਾਰਥੀ ਵਜੋਂ ਰਹਿ ਰਹੇ ਈਸ਼ਵਰ ਅਤੇ ਆਰਤੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਨਾਗਰਿਕਤਾ ਲੈ ਕੇ ਆਇਆ ਹੈ ਜਿਸ ਕਰਕੇ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਂਅ ਨਾਗਰਿਕਤਾ ਰੱਖਿਆ ਹੈ।
ਆਪਣੀ ਮਾਂ ਮੀਰਾ ਨਾਲ ਭਾਰਤ ਆਏ ਈਸ਼ਵਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਪਨਾ ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰਨਾ ਸੀ ਤੇ ਇਹ ਸੁਪਨਾ ਹਕੀਕਤ ਵਿੱਚ ਉਦੋਂ ਬਦਲਿਆ ਜਦੋਂ ਸਦਨ ਵਿੱਚ ਨਾਹਰਿਕਤਾ ਸੋਧ ਬਿੱਲ ਪਾਸ ਹੋਇਆ। ਲੋਕ ਸਭਾ ਤੋਂ ਬਿੱਲ ਪਾਸ ਹੋਣ ਤੋਂ ਇਕ ਦਿਨ ਪਹਿਲਾਂ ਬੱਚੀ ਦਾ ਜਨਮ ਹੋਇਆ ਤਾਂ ਉਸ ਦਾ ਨਾਂਅ ਨਾਗਰਿਕਤਾ ਰੱਖ ਦਿੱਤਾ।