ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਦਾ ਚੋਣ ਅਖਾੜਾ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਵੱਡੇ-ਵੱਡੇ ਮੰਤਰੀਆਂ ਦਾ ਗੜ੍ਹ ਬਣ ਚੁੱਕਿਆ ਹੈ। ਇੱਕ ਰਿਪੋਰਟ ਦੇ ਮੁਤਾਬਕ ਦਿੱਲੀ ਵਿੱਚ ਵਿਧਾਨ ਸਭਾ ਚੋਣ ਲੜਨ ਵਾਲੇ 104 ਉਮੀਦਵਾਰਾਂ ਵਿਰੁੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।
ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ 36 ਉਮੀਦਵਾਰ ਸ਼ਾਮਲ ਹਨ। 2015 ਵਿੱਚ ਗੰਭੀਰ ਅਪਰਾਧਿਕ ਕੇਸਾਂ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ 74 ਸੀ। ਇਹ ਜਾਣਕਾਰੀ ਚੋਣ ਨਿਗਰਾਨੀ ਕਰਨ ਵਾਲੀ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ.) ਵੱਲੋਂ ਦਿੱਤੀ ਗਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੁੱਲ 672 ਉਮੀਦਵਾਰਾਂ ਵਿਚੋਂ 133 (20 ਫੀਸਦੀ) ਉਮੀਦਵਾਰਾਂ ਨੇ ਹਲਫਨਾਮੇ ਵਿੱਚ ਆਪਣੇ ਵਿਰੁੱਧ ਅਪਰਾਧਿਕ ਕੇਸਾਂ ਦਾ ਜ਼ਿਕਰ ਕੀਤਾ ਹੈ।
ਏਡੀਆਰ ਮੁਤਾਬਕ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੁੱਲ 673 ਉਮੀਦਵਾਰਾਂ ਵਿੱਚੋਂ 114 (17 ਪ੍ਰਤੀਸ਼ਤ) ਦੇ ਵਿਰੁੱਧ ਅਪਰਾਧਿਕ ਕੇਸ ਦਰਜ ਹਨ। ਰਿਪੋਰਟ ਦੇ ਮੁਤਾਬਕ ਵੱਡੀਆਂ ਪਾਰਟੀਆਂ ਵਿੱਚ 'ਆਪ' ਦੇ 70 ਉਮੀਦਵਾਰਾਂ ਵਿਚੋਂ 42 (60 ਪ੍ਰਤੀਸ਼ਤ) ਦੇ ਖ਼ਿਲਾਫ ਅਪਰਾਧਿਕ ਮਾਮਲੇ ਹਨ। ਭਾਜਪਾ ਦੇ 67 ਵਿਚੋਂ 26 ਉਮੀਦਵਾਰ (39 ਪ੍ਰਤੀਸ਼ਤ) ਅਤੇ ਕਾਂਗਰਸ ਦੇ 66 ਵਿਚੋਂ 18 ਉਮੀਦਵਾਰ (27 ਪ੍ਰਤੀਸ਼ਤ) ਵਿਰੁੱਧ ਅਪਰਾਧਿਕ ਕੇਸ ਦਰਜ ਹਨ। ਏਡੀਆਰ ਨੇ ਕਿਹਾ, "ਬਹੁਜਨ ਸਮਾਜ ਪਾਰਟੀ (ਬਸਪਾ) ਦੇ 66 ਉਮੀਦਵਾਰਾਂ ਵਿੱਚੋਂ ਕੁੱਲ 12 (18 ਫੀਸਦ) ਅਤੇ ਰੰਕਾਪਾ ਦੇ 5 ਵਿੱਚੋਂ ਤਿੰਨ ਨੇ ਆਪਣੇ ਹਲਫ਼ਨਾਮੇ ਵਿੱਚ ਅਪਰਾਧਿਕ ਕੇਸਾਂ ਦਾ ਜ਼ਿਕਰ ਕੀਤਾ ਹੈ।