ਨਵੀਂ ਦਿੱਲੀ: ਸ਼ਿਵ ਸੈਨਾ ਮੁਖੀ ਊਧਵ ਠਾਕਰੇ ਵੀਰਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੀਆਂ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ। ਸ਼ਿਵ ਸੈਨਾ ਨੇਤਾ ਅਦਿੱਤਿਆ ਠਾਕਰੇ ਨੇ ਬੁੱਧਵਾਰ ਨੂੰ ਸਹੁੰ ਚੁੱਕ ਸਮਾਰੋਹ ਲਈ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਜਾ ਕੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ।
ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਅਦਿੱਤਿਆ ਠਾਕਰੇ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਰਿਹਾਇਸ਼ 'ਤੇ ਜਾ ਕੇ ਉਨ੍ਹਾਂ ਨੂੰ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਊਧਵ ਠਾਕਰੇ ਦੇ ਸਹੁੰ ਚੁੱਕ ਸਮਾਗਮ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡੀ.ਐਮ.ਕੇ ਦੇ ਆਗੂ ਸਟਾਲਿਨ ਨੂੰ ਵੀ ਸੱਦਾ ਭੇਜਿਆ ਗਿਆ ਹੈ। ਊਧਵ ਠਾਕਰੇ ਦੇ ਸਹੁੰ ਚੁੱਕ ਸਮਾਰੋਹ ਲਈ ਸ਼ਿਵਾਜੀ ਪਾਰਕ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਇਸ ਵਿਚਕਾਰ ਐਨ.ਸੀ.ਪੀ.-ਕਾਂਗਰਸ-ਸ਼ਿਵਸੈਨਾ ਦੇ ਸੀਨੀਅਰ ਆਗੂਆਂ ਵਿਚਕਾਰ 6 ਘੰਟੇ ਤਕ ਹੋਈ ਮੈਰਾਥਨ ਮੀਟਿੰਗ 'ਚ ਇਹ ਤੈਅ ਕੀਤਾ ਗਿਆ ਹੈ ਕਿ ਮਹਾਰਾਸ਼ਟਰ 'ਚ ਇਕ ਹੀ ਉਪ ਮੁੱਖ ਮੰਤਰੀ ਹੋਵੇਗਾ। ਐਨਸੀਪੀ ਨੇਤਾ ਪ੍ਰਫੁੱਲ ਪਟੇਲ ਨੇ ਮੀਡੀਆ ਨਾਲ ਗੱਬਾਤ ਕਰਦੇ ਦੱਸਿਆ ਕਿ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੋਵੇਗਾ ਅਤੇ ਡਿਪਟੀ ਸੀਐਮ ਐਨਸੀਪੀ ਦਾ ਹੋਵੇਗਾ। ਜਾਣਕਾਰੀ ਮੁਤਾਬਕ ਕਲ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਤਿੰਨੋ ਪਾਰਟੀਆਂ ਦੇ ਦੋ-ਦੋ ਮੰਤਰੀ ਸਹੁੰ ਚੁੱਕ ਸਕਦੇ ਹਨ।