ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੌਰਾਨ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਝਿੜਕਦਿਆਂ ਕਿਹਾ ਕੋਰੋਨਾ ਨਾਲ ਸੰਕਰਮਿਤ ਲਾਸ਼ਾਂ ਨਾਲ਼ ਗ਼ਲਤ ਵਿਵਹਾਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਅਦਾਲਤ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਦਿੱਲੀ ਅਤੇ ਇਸ ਦੇ ਹਸਪਤਾਲਾਂ ਵਿੱਚ ਬਹੁਤ ਹੀ ਦੁਖਦਾਈ ਸਥਿਤੀ ਹੈ। ਐਮਐਚਏ ਦੇ ਦਿਸ਼ਾ-ਨਿਰਦੇਸ਼ਾਂ ਦਾ ਕੋਈ ਪਾਲਣ ਨਹੀਂ ਹੈ।
ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਜ਼ਰੀਏ ਕਿਹਾ ਕਿ ਕੋਰੋਨਾ ਕਾਰਨ ਦਿੱਲੀ ਵਾਸੀਆਂ ਦੇ ਜੀਵਨ ਉੱਤੇ ਪੈ ਰਹੇ ਖ਼ਤਰੇ ਪ੍ਰਤੀ ਲਾਪਰਵਾਹ ਦਿੱਲੀ ਸਰਕਾਰ ਸੁਪਰੀਮ ਕੋਰਟ ਦੀ ਝਿੜਕ ਤੋਂ ਬਾਅਦ ਜਾਗ ਸਕਦੀ ਹੈ। ‘ਆਪ’ ਸਰਕਾਰ ਅਸਫ਼ਲਤਾ ਅਤੇ ਖੜੋਤ ਵਿਚ ਭਾਜਪਾ ਤੋਂ ਘੱਟ ਨਹੀਂ ਹੈ। ਇਸ ਦਾ ਅਸਰ ਅੱਜ ਦਿੱਲੀ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਉਹ ਵੀ ਦੁੱਗਣਾ।
ਦਿੱਲੀ ਵਿੱਚ ਅਜਿਹੇ ਬਹੁਤ ਸਾਰੇ ਕੇਸ ਹਨ ਜਿਥੇ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੂੰ ਮੌਤ ਬਾਰੇ ਨਹੀਂ ਦੱਸਿਆ ਗਿਆ। ਅਜਿਹੇ ਵਿੱਚ ਪਰਿਵਾਰ ਵਾਲੇ ਆਪਣੇ ਚਹੇਤਿਆਂ ਦੇ ਸਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ।
ਅਦਾਲਤ ਨੇ ਦਿੱਲੀ ਦੇ ਨਾਲ-ਨਾਲ ਮਹਾਰਾਸ਼ਟਰ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਨੂੰ ਵੀ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਨਾਲ ਹੀ, ਦਿੱਲੀ ਦੇ ਐਲਐਨਜੇਪੀ ਹਸਪਤਾਲ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਕੇਸ ਦੀ ਅਗਲੀ ਸੁਣਵਾਈ 17 ਜੂਨ ਨੂੰ ਹੋਵੇਗੀ।