ਨਵੀਂ ਦਿੱਲੀ: ਚਾਂਦਨੀ ਚੌਕ ਸੀਟ ਤੋਂ ਆਮ ਆਦਮੀ ਪਾਰਟੀ ਦੀ ਬਾਗੀ ਵਿਧਾਇਕ ਅਲਕਾ ਲਾਂਬਾ ਨੂੰ ਸ਼ੁੱਕਰਵਾਰ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਮਗਰੋਂ ਉਨ੍ਹਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ।
ਮਾਨਸੂਨ ਸੈਸ਼ਨ ਦੇ ਦੂਜੇ ਦਿਨ ਅਲਕਾ ਨੇ ਸਦਨ ਵਿੱਚ ਜੀਬੀ ਪੰਤ ਹਸਪਤਾਲ ਵਿੱਚ ਮਰੀਜ਼ਾਂ ਨੂੰ ਦਵਾਈਆਂ ਨਾ ਮਿਲਣ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਇਸ਼ਤਿਹਾਰਾਂ ਦੀ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਉਸਦੇ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸਦਨ ਨੂੰ ਕਿਹਾ ਕਿ ਉਹ ਦੋਸ਼ਾਂ ਦੀ ਜਾਂਚ ਕਰਵਾਉਣਗੇ।
ਸਪੀਕਰ ਵੱਲੋਂ ਉਨ੍ਹਾਂ ਨੂੰ ਬੈਠਣ ਲਈ ਕਹਿਣ ਦੇ ਬਾਵਜੂਦ ਅਲਕਾ ਲਾਂਬਾ ਮੁੱਦਾ ਚੁੱਕਦੀ ਰਹੀ। ਜਦੋਂ ਉਹ ਵਾਰ-ਵਾਰ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੀ ਤਾਂ ਗੋਇਲ ਨੇ ਮਾਰਸ਼ਲ ਨੂੰ ਬੁਲਾ ਕੇ ਉਨ੍ਹਾਂ ਨੂੰ ਸਦਨ ਤੋਂ ਬਾਹਰ ਕਰਨ ਦਾ ਹੁਕਮ ਦਿੱਤਾ।