ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ 'ਚ ਸ਼ਾਹੀਨ ਬਾਗ ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੁੱਧ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਲੋਕਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਪ੍ਰਦਰਸ਼ਨ 'ਚ ਬੱਚੇ, ਬਜ਼ੁਰਗ ਤੇ ਔਰਤਾਂ ਤੋਂ ਇਲਾਵਾ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਤੇ ਵਿਰੋਧੀ ਧਿਰ ਦੇ ਆਗੂ ਵੀ ਸ਼ਾਮਲ ਹਨ।
ਇਸ ਵਿਚਾਲੇ ਸ਼ਾਹੀਨ ਬਾਗ 'ਚ ਇੱਕ ਵਿਅਕਤੀ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਲਈ ਲਾਇਸੈਂਸੀ ਪਿਸਤੌਲ ਲੈ ਕੇ ਪਹੁੰਚਿਆ ਜਿਸ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਦੁਪਿਹਰ ਵੇਲੇ ਵਾਪਰੀ। ਇੱਕ ਵਿਅਕਤੀ ਧਰਨਾ ਖਤਮ ਕਰਵਾਉਣ ਲਈ ਪਿਸਟਲ ਲੈ ਕੇ ਇਥੇ ਪਹੁੰਚਿਆ ਸੀ। ਫਿਲਹਾਲ ਨੌਜਵਾਨ ਉਥੋਂ ਭੱਜਣ 'ਚ ਕਾਮਯਾਬ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੈਸੇ ਤਾਂ ਸ਼ਾਹੀਨ ਬਾਗ਼ 'ਚ ਚੱਲ ਰਹੇ ਪ੍ਰਦਰਸ਼ਨ ਨੂੰ ਸ਼ਾਂਤਮਾਈ ਵਿਰੋਧ ਕਿਹਾ ਜਾ ਰਿਹਾ ਹੈ। ਅਜਿਹੇ 'ਚ ਹਥਿਆਰ ਲੈ ਕੇ ਜਾਣਾ ਜ਼ਾਹਿਰ ਤੌਰ 'ਤੇ ਦਹਿਸ਼ਤ ਵਰਗਾ ਮਾਹੌਲ ਪੈਦਾ ਕਰ ਦੇਣ ਵਾਲਾ ਹੈ।
ਦੱਸ ਦੇਈਏ ਕਿ ਸੀਏਏ ਤੇ ਐਨਆਰਸੀ ਦੇ ਵਿਰੋਧ 'ਚ 15 ਦਸੰਬਰ ਨੂੰ ਸ਼ਾਹੀਨ ਬਾਗ਼ 'ਚ ਵਿਰੋਧ ਸ਼ੁਰੂ ਹੋਇਆ ਸੀ। ਹੁਣ ਇਹ ਵਿਰੋਧ ਪੂਰੇ ਦੇਸ਼ 'ਚ ਫੈਲ ਗਿਆ। ਦਿੱਲੀ ਦੇ ਨਿਜ਼ਾਮੂਦੀਨ 'ਚ ਇਸੇ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ।