ਨਵੀਂ ਦਿੱਲੀ: ਉੱਤਰ ਪ੍ਰਦੇਸ਼ ਅਤੇ ਬਿਹਾਰਵਿੱਚ ਮੌਸਮ ਨੇ ਮਿਜਾਜ਼ ਬਦਲ ਲਿਆ ਹੈ। ਤੇਜ਼ ਹਵਾਵਾਂ ਦੇ ਨਾਲ ਕਈ ਜ਼ਿਲ੍ਹਿਆਂ ਵਿੱਚ ਮੂਸਲਾਧਰ ਮੀਂਹ ਪਿਆ ਹੈ। ਇਸ ਦੌਰਾਨ ਦੋਵੇਂ ਸੂਬਿਆਂ ਦੇ ਕਈ ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਦਾ ਕਹਿਰ ਦੇਖਣ ਨੂੰ ਮਿਲਿਆ ਹੈ।
ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਕੋਰੋਨਾ ਸੰਕਟ ਦੇ ਦਰਮਿਆਨ ਹੀ ਅਸਮਾਨੀ ਬਿਜਲੀ ਡਿੱਗਣ ਦਾ ਕਹਿਰ ਜਾਰੀ ਹੈ। ਦੋਵੇਂ ਸੂਿਬਆਂ ਵਿੱਚ ਹੁਣ ਤੱਕ ਬਿਜਲੀ ਡਿੱਗਣ ਕਾਰਨ 108 ਲੋਕਾਂ ਦੀ ਮੌਤ ਹੋ ਗਈ ਹੈ।
ਬਿਹਾਰ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ
ਬਿਹਾਰ ਸਰਕਾਰ ਵੱਲੋਂ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਵਾਲਿਆਂ ਨੂੰ ਆਪਦਾ ਰਾਹਤ ਕੋਸ਼ ਫੰਡ 'ਚੋਂ 4 ਲੱਖ ਰੁਪਏ ਮੁਆਵਜ਼ਾ ਦੇਣ ਦਾ ਨਿਰਦੇਸ਼ ਮ੍ਰਿਤਕਾਂ ਦੇ ਜ਼ਿਲ੍ਹਿਆਂ ਦੇ ਡੀਐਮ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਆਸਮਾਨੀ ਬਿਜਲੀ ਦੀ ਚਪੇਟ ਵਿੱਚ ਆਏ ਸਾਰੇ ਲੋਕਾਂ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖ਼ਰਾਬ ਮੌਸਮ ਵਿੱਚ ਸਾਵਧਾਨੀ ਬਣਾਏ ਰੱਖਣ ਤੇ ਆਪਦਾ ਪ੍ਰਬੰਧਨ ਵਿਭਾਗ ਦੇ ਸੁਝਾਅ ਦਾ ਪਾਲਨ ਕਰਨ।
ਅਸਮਾਨੀ ਬਿਜਲੀ ਦਾ ਕਹਿਰ:
- ਗੋਪਾਲਗੰਜ ਵਿੱਚ ਸਭ ਤੋਂ ਜ਼ਿਆਦਾ 13 ਦੀ ਮੌਤ ਬਿਜਲੀ ਡਿੱਗਣ ਨਾਲ ਹੋਈ ਹੈ।
- ਸੀਵਾਨ ਵਿੱਚ ਬਿਜਲੀ ਨੇ 5 ਲੋਕਾਂ ਦੀ ਜਾਨ ਲੈ ਲਈ ਹੈ।
- ਕਿਸ਼ਨਗੰਜ ਦੇ ਕੋਚਾਧਾਮਨ ਥਾਣਾ ਦੇ ਬਲੀਆ ਪਿੰਡ ਵਿੱਚ ਬੁੱਧਵਾਰ ਨੂੰ ਸਵੇਰੇ ਬਿਜਲੀ ਡਿੱਗਣ ਨਾਲ ਖੇਤ ਵਿੱਚ ਕੰਮ ਕਰ ਰਹੇ 2 ਭਰਾਵਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ, ਜਦਕਿ ਦੂਸਰੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
- ਮੋਤੀਹਾਰੀ ਦੇ ਬੇਲਵਤਿਆ ਪਿੰਡ ਵਿੱਚ ਵੀ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ 1 ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖ਼ਮੀ ਹੋ ਗਏ।
- ਬੇਤੀਆ ਦੇ ਨਰਕਟਿਆਗੰਜ ਦੇ ਸ਼ਿਕਾਰਪੁਰ ਥਾਣਾ ਖੇਤਰ ਦੀਆਂ ਦੋ ਅਲੱਗ-ਅਲੱਗ ਪੰਚਾਇਤਾਂ ਵਿੱਚ ਅਸਮਾਨੀ ਬਿਜਲੀ ਕਾਰਨ ਦੋ ਦੀ ਮੌਤ ਹੋ ਗਈ।
- ਰੋਹਤਾਸ ਦੇ ਕਰਗਹਿਰ ਨਿਮਡੀਹਰਾ ਵਿੱਚ ਵੀ ਬਿਜਲੀ ਡਿੱਗਣ ਨਾਲ ਇੱਕ ਹੀ ਪਰਿਵਾਰ ਦੇ 4 ਲੋਕ ਝੁਲਸ ਗਏ। ਜਿਨ੍ਹਾਂ ਵਿੱਚ 3 ਔਰਤਾਂ ਅਤੇ 1 ਪੁਰਸ਼ ਸ਼ਾਮਲ ਹੈ।
- ਅਰੜਿਆ ਦੇ ਨਰਪਤਗੰਜ ਪ੍ਰਖੰਡ ਦੇ ਫੁਲਕਾਹਾ ਥਾਣਾ ਦੇ ਅਧੀਨ ਨਵਾਬੰਗਜ ਪੰਚਾਇਤ ਦੇ ਖੋਪੜੀਆ ਵਿੱਚ ਬਿਜਲੀ ਡਿੱਗਣ ਕਾਰਨ 30 ਸਾਲਾ ਵਿਅਕਤੀ ਦੀ ਮੌਤ ਹੋ ਗਈ।
- ਖਗੜਿਆ ਦੇ ਚੌਥਮ ਥਾਣਾ ਖੇਤਰ ਦੇ ਅਧੀਨ ਵੱਖ-ਵੱਖ ਥਾਵਾਂ ਉੱਤੇ 5 ਬੱਚਿਆਂ ਬਿਜਲੀ ਦੇ ਨਾਲ ਝੁਲਸ ਗਏ। ਜਿਨ੍ਹਾਂ ਵਿੱਚੋਂ 1 ਦੀ ਹਾਲਤ ਗੰਭੀਰ ਹੈ। ਉੱਥੇ ਮੇਦਨੀ ਨਗਰ ਵਿੱਚ 1 ਔਰਤ ਦੀ ਮੌਤ ਦੀ ਸੂਚਨਾ ਹੈ। ਜਦਕਿ ਕੈਥੀ ਵਿੱਚ ਇੱਕ ਹੀ ਥਾਂ ਉੱਤੇ 13 ਅਤੇ ਚੌਥਮ ਵਿੱਚ 2 ਬਕਰੀਆਂ ਦੀ ਮੌਤ ਹੋਈ ਹੈ।
- ਬਾਂਕਾ ਦੇ ਰਜੌਨ ਅਤੇ ਸੁਇਆ ਥਾਣਾ ਖੇਤਰ ਵਿੱਚ 2 ਅਲੱਗ-ਅਲੱਗ ਸਥਾਨਾਂ ਉੱਤੇ ਬਿਜਲੀ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ।
- ਮਧੂਬਨੀ ਦੇ ਘੋਘਰਡੀਹਾ ਥਾਣਾ ਖੇਤਰ ਦੇ ਬੇਲਹਾ ਪਿੰਡ ਵਿੱਚ ਵੀ ਖੇਤਾਂ ਵਿੱਚ ਕੰਮ ਕਰ ਰਹੇ ਪਤੀ-ਪਤਨੀ ਦੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਹੈ। ਜਦਕਿ ਬਿਰੌਲੀ ਪਿੰਡ ਵਿੱਚ 1 ਹੋਰ ਵਿਅਕਤੀ ਦੀ ਮੌਤ ਬਿਜਲੀ ਡਿੱਗਣ ਕਾਰਨ ਹੋਈ ਹੈ।
- ਭਾਗਲਪੁਰ ਦੇ ਨਵਗਛਿਆ ਅਤੇ ਨਾਥਨਗਰ ਵਿੱਚ ਵੀ ਬਿਜਲੀ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ।
- ਕਿਸ਼ਨਗੰਜ ਵਿੱਚ ਵੀ ਬਿਜਲੀ ਡਿੱਗਣ ਨਾਲ 1 ਵਿਅਕਤੀ ਦੀ ਮੌਤ ਹੋਈ ਹੈ।