ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਣੇ ਕਾਂਗਰਸ ਦੇ 7 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਸਪੀਕਰ ਨੇ ਇਹ ਫੈਸਲਾ ਸੰਸਦ ਵਿੱਚ ਹੰਗਾਮੇ ਤੇ ਧੱਕਾਮੁੱਕੀ ਤੋਂ ਨਾਰਾਜ਼ ਹੋ ਕੇ ਲਿਆ। ਦੋਹਾਂ ਸਦਨਾਂ ਵਿੱਚ ਵਿਰੋਧੀ ਧਿਰ ਵੱਲੋਂ ਦਿੱਲੀ ਹਿੰਸਾ ਉੱਤੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਅੱਗੇ ਨਹੀਂ ਚੱਲ ਸਕੀ। ਇਸ ਨੂੰ ਲੈ ਕੇ ਸਪੀਕਰ ਓਮ ਬਿਰਲਾ ਨਾਰਾਜ਼ ਸਨ। ਮੁਅੱਤਲ ਕੀਤੇ ਗਏ ਸੰਸਦ ਮੈਂਬਰ ਸਪੀਕਰ ਦੀ ਕੁਰਸੀ ਕੋਲ ਆ ਕੇ ਨਾਅਰੇਬਾਜ਼ੀ ਕਰ ਰਹੇ ਸੀ ਤੇ ਪੋਸਟਰ ਦਿਖਾ ਰਹੇ ਸੀ।
ਜਿਨ੍ਹਾਂ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਵਿੱਚ ਗੌਰਵ ਗੋਗੋਈ, ਟੀਐਨ ਪ੍ਰਥਪਨ, ਡੀਨ ਕੁਰੀਕੋਸ, ਆਰ ਓਨੀਥਨ, ਮਨਿਕਮ ਟੈਗੋਰ, ਬੇਨੀ ਬੇਹਨ ਤੇ ਗੁਰਜੀਤ ਸਿੰਘ ਔਜਲਾ ਸ਼ਾਮਲ ਹਨ।
ਅਧੀਰ ਰੰਜਨ ਚੌਧਰੀ ਦਾ ਇਸ ਉੱਤੇ ਕਹਿਣਾ ਹੈ, "ਕੀ ਇਹ ਤਾਨਾਸ਼ਾਹੀ ਹੈ ? ਅਜਿਹਾ ਲੱਗਦਾ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਦਿੱਲੀ ਹਿੰਸਾ ਮੁੱਦੇ ਉੱਤੇ ਸੰਸਦ ਵਿੱਚ ਚਰਚਾ ਹੋਵੇ। ਇਹੀ ਕਾਰਨ ਹੈ ਕਿ ਅਜਿਹਾ ਕੀਤਾ ਗਿਆ, ਜਿਸ ਦੀ ਅਸੀ ਨਿਖੇਧੀ ਕਰਦੇ ਹਾਂ।"
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਫਿਰ ਬਜਟ ਸੈਸ਼ਨ ਦੀ ਬਾਕੀ ਬਚੀ ਮਿਆਦ ਲਈ ਇਨ੍ਹਾਂ ਮੈਂਬਰਾਂ ਨੂੰ ਸਦਨ ਤੋਂ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ। ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਮਤਾ ਆਵਾਜ਼ ਵੋਟ ਰਾਹੀਂ ਪਾਸ ਕੀਤਾ ਗਿਆ।
ਮਿਨਾਕਸ਼ੀ ਲੇਖੀ ਨੇ ਫਿਰ ਸੱਤ ਮੈਂਬਰਾਂ ਨੂੰ ਤੁਰੰਤ ਲੋਕ ਸਭਾ ਦੇ ਚੈਂਬਰ ਛੱਡਣ ਲਈ ਕਿਹਾ ਅਤੇ ਫਿਰ ਸਦਨ ਨੂੰ ਉਸ ਦਿਨ ਲਈ ਮੁਲਤਵੀ ਕਰ ਦਿੱਤਾ।