ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਅਯੋਧਿਆ ਮਾਮਲੇ ਦੀ ਸੁਣਵਾਈ ਦਾ ਅੱਜ 40ਵਾਂ ਦਿਨ ਸੀ। ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠ ਪੰਜ ਜੱਜਾਂ ਦਾ ਬੈਂਚ ਰਾਮ ਮੰਦਰ-ਬਾਬਰੀ ਮਸਜਿਦ ਭੂਮੀ ਮਾਮਲੇ ਉੱਤੇ ਸੁਣਵਾਈ ਕੀਤੀ।
ਚੀਫ ਜਸਟਿਸ ਗੋਗਈ ਨੇ ਇਸ ਮਾਮਲੇ ਵਿੱਚ ਹਿੰਦੂ ਮਹਾ ਸਭਾ ਪੱਖ ਦੀ ਦਖ਼ਲਅੰਦਾਜ਼ੀ ਦੀ ਬੇਨਤੀ ਨੂੰ ਖ਼ਾਰਜ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਇਸ ਮਾਮਲੇ ਨੂੰ ਅੱਜ ਸ਼ਾਮ 5 ਵਜੇ ਤੱਕ ਖ਼ਤਮ ਕੀਤਾ ਜਾਵੇਗਾ।
ਸੁਣਵਾਈ ਅਦਾਲਤ ਵਿੱਚ ਸ਼ੁਰੂ ਹੋਈ ਤਾਂ ਪਹਿਲਾਂ ਹਿੰਦੂ ਪੱਖ ਨੇ ਅਤੇ ਬਾਅਦ ਵਿੱਚ ਮੁਸਲਿਮ ਪੱਖ ਨੇ ਆਪਣੀਆਂ ਦਲੀਲਾਂ ਰੱਖੀਆਂ। ਸੁਣਵਾਈ ਦੌਰਾਨ ਮੁਸਲਿਮ ਪੱਖ ਦੇ ਵਕੀਲ ਰਾਜੀਵ ਧਵਨ ਨੇ ਹਿੰਦੂ ਮਹਾਸਭਾ ਦੇ ਵਕੀਲ ਵਿਕਾਸ ਸਿੰਘ ਵੱਲੋਂ ਪੇਸ਼ ਕੀਤਾ ਗਿਆ ਨਕਸ਼ਾ ਪਾੜ ਦਿੱਤਾ। ਇਸ ਤੋਂ ਬਾਅਦ ਰੰਜਨ ਗੋਗੋਈ ਨੇ ਕਿਹਾ ਕਿ ਜੇ ਅਦਾਲਤ ਦਾ ਅਨੁਸ਼ਾਸਨ ਨਾ ਬਣਾ ਕੇ ਰੱਖਿਆ ਗਿਆ ਤਾਂ ਅਸੀਂ ਅਦਾਲਤ ਵਿੱਚੋਂ ਚਲੇ ਜਾਵਾਂਗੇ।
ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਅਯੁੱਧਿਆ ਦੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਇਸ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ।
ਅਦਾਲਤ ਨੇ ਕਿਹਾ ਸੀ ਕਿ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਦੇ ਮਾਮਲੇ ਵਿੱਚ ਹਰ ਰੋਜ਼ ਸੁਣਵਾਈ ਬੁੱਧਵਾਰ ਨੂੰ ਸ਼ਾਮ 5 ਵਜੇ ਖ਼ਤਮ ਹੋ ਜਾਵੇਗੀ। ਸੁਣਵਾਈ ਦੇ ਦੌਰਾਨ ਸੀਨੀਅਰ ਵਕੀਲ ਸੀਐਸ ਵੈਦਿਆਨਾਥਨ ਨੇ ਕਿਹਾ, "ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਵਿਚਾਰ ਅਧੀਨ ਭੂਮੀ ਸੂਬੇ ਵੱਲੋਂ ਬਣਾਈ ਗਈ ਅਤੇ ਵਕਫ ਨੂੰ ਸੌਂਪੀ ਗਈ ਹੋਵੇ। ਇਸ ਦਾ ਕੋਈ ਸਬੂਤ ਨਹੀਂ ਕਿ ਵਿਵਾਦਤ ਢਾਂਚਾ ਖ਼ਾਲੀ ਜ਼ਮੀਨ ਵਿੱਚ ਬਣਾਇਆ ਗਿਆ ਸੀ। ਮੁਸਲਿਮ ਪੱਖ ਕਹਿੰਦਾ ਹੈ ਕਿ ਅਸੀਂ ਉਨ੍ਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੇ ਹਾਂ।"
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੁਣਵਾਈ ਵਿੱਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਵਿੱਚ ਹਿੰਦੂ ਪੱਖ ਨੇ ਦਲੀਲ ਦਿੱਤੀ ਸੀ ਕਿ ਅਯੋਧਿਆ ਵਿੱਚ ਭਗਵਾਨ ਰਾਮ ਦੇ ਜਨਮ ਸਥਾਨ ਉੱਤੇ ਮਸਜਿਦ ਬਣਾ ਕੇ ਮੁਗ਼ਲ ਸ਼ਾਸਕ ਬਾਬਰ ਵੱਲੋਂ ਕੀਤੀ ਗਈ ਇਤਿਹਾਸਕ ਭੁੱਲ ਨੂੰ ਹੁਣ ਸੁਧਾਰਨ ਦੀ ਜ਼ਰੂਰਤ ਹੈ।
ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਇੱਕ ਹਿੰਦੂ ਪੱਖਕਾਰ ਵੱਲੋਂ ਸਾਬਕਾ ਅਟਾਰਨੀ ਜਨਰਲ ਅਤੇ ਸੀਨੀਅਰ ਐਡਵੋਕੇਟ ਕੇ ਪਰਾਸਰਨ ਨੇ ਕਿਹਾ ਸੀ ਕਿ ਅਯੋਧਿਆ ਵਿੱਚ ਕਈ ਮਸਜਿਦਾਂ ਹਨ ਜਿੱਥੇ ਮੁਸਲਿਮ ਇਬਾਦਤ ਕਰ ਸਕਦੇ ਹਨ ਪਰ ਹਿੰਦੂ ਭਗਵਾਨ ਰਾਮ ਦਾ ਜਨਮ ਸਥਾਨ ਨਹੀਂ ਬਦਲ ਸਕਦੇ।