ਸ੍ਰੀਨਗਰ : ਜੰਮੂ ਕਸ਼ਮੀਰ ਦੇ ਸ੍ਰੀਨਗਰ ਅਤੇ ਕੁਲਗਾਮ ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਦੋ ਮੁਠਭੇੜ ਹੋਈਆਂ। ਇਨ੍ਹਾਂ ਦੋ ਮੁਠਭੇੜਾਂ 'ਚ ਇੱਕ ਪਾਕਿਸਤਾਨੀ ਨਾਗਰਿਕ ਸਣੇ 4 ਅੱਤਵਾਦੀ ਮਾਰੇ ਗਏ।
ਇਸ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਸ੍ਰੀਨਗਰ ਦੇ ਜੁਨੀਮਾਰ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ। ਮਾਰੇ ਗਏ ਅੱਤਵਾਦੀਆਂ 'ਚ ਉਹ ਵੀ ਸ਼ਾਮਲ ਸੀ, ਜਿਸ ਨੇ ਗਾਂਦਰਬੱਲ ਦੇ ਬਾਹਰੀ ਇਲਾਕੇ ਪਾਚੰਡ 'ਚ ਬੀਐਸਐਫ ਦੇ ਦੋ ਜਵਾਨਾਂ ਦਾ ਕਤਲ ਕੀਤਾ ਸੀ। ਕਸ਼ਮੀਰ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਤਿੰਨੋਂ ਅੱਤਵਾਦੀ, ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਤੇ ਇਸਲਾਮਿਕ ਸਟੇਟ ਜੰਮੂ ਕਸ਼ਮੀਰ ਨਾਲ ਜੁੜੇ ਹੋਏ ਸਨ। ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਇੱਕ AK47 ਅਤੇ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ।
ਆਈਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਸ੍ਰੀਨਗਰ ਦੇ ਬੜਠਾਨਾ ਦੇ ਵਸਨੀਕ ਸ਼ਕੂਰ ਫਾਰੂਖ਼ ਲੈਂਗੂ ਤੇ ਬਿਜਬੇਹਰਾ ਦੇ ਵਸਨੀਕ ਸ਼ਾਹਿਦ ਅਹਿਮਦ ਭੱਟ ਵਜੋਂ ਹੋਈ ਹੈ। ਅਜੇ ਤੀਜੇ ਅੱਤਵਾਦੀ ਦੀ ਪਛਾਣ ਜਾਰੀ ਹੈ। ਆਈਜੀਪੀ ਨੇ ਦੱਸਿਆ ਜੁਨੀਮਾਰ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਦੇ ਅਧਾਰ ਉੱਤੇ ਪੁਲਿਸ ਤੇ ਸੀਆਰਪੀਐਫ ਵੱਲੋਂ ਸਾਂਝੇ ਤੌਰ 'ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਸੁਰੱਖਿਆ ਬਲਾਂ ਨੇ ਮੁਠਭੇੜ ਤੋਂ ਪਹਿਲਾਂ ਅੱਤਵਾਦੀਆਂ ਨੂੰ ਆਤਮ ਸਮਰਪਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਅੱਤਵਾਦੀਆਂ ਨੇ ਸੁਰੱਖਿਆ ਬਲ ਦੇ ਜਵਾਨਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ , ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਤੇ ਮੁਠਭੇੜ ਸ਼ੁਰੂ ਹੋ ਗਈ।ਸ਼ਕੂਰ ਫਾਰੂਖ਼ ਲੈਂਗੂ ਵੀ ਮਾਰੇ ਗਏ ਅੱਤਵਾਦੀਆਂ ਨਾਲ ਸ਼ਾਮਲ ਸੀ। ਪੁਲਿਸ ਰਿਕਾਰਡ ਦੇ ਮੁਤਾਬਕ , ਉਹ ਇਸ ਸਾਲ 20 ਮਈ ਨੂੰ ਸੂਰਾ ਖ਼ੇਤਰ 'ਚ ਬੀਐਸਐਫ ਦੇ ਦੋ ਜਵਾਨਾਂ ਨੂੰ ਕਤਲ ਕੀਤੇ ਜਾਣ ਦੀ ਸਾਜਿਸ਼ 'ਚ ਸ਼ਾਮਲ ਸੀ, ਜਿਨ੍ਹਾਂ ਵਿੱਚੋਂ ਇੱਕ ਜਵਾਨ ਤੋਂ ਲੁੱਟੀ ਗਈ ਰਾਈਫਲ ਮੁਠਭੇੜ ਵਾਲੀ ਥਾਂ ਤੋਂ ਬਰਾਮਦ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਕੁਲਗਾਮ 'ਚ ਮਾਰੇ ਗਏ ਅੱਤਵਾਦੀ ਦੀ ਪਛਾਣ ਜੈਸ਼-ਏ-ਮੁਹੰਮਦ ਸੰਗਠਨ ਨਾਲ ਜੁੜੇ ਪਾਕਿਸਤਾਨੀ ਨਾਗਰਿਕ ਤੈਅਬ ਉਰਫ ਇਮਰਾਨ ਉਰਫ ਗਾਜੀ ਬਾਬਾ ਵਜੋਂ ਹੋਈ ਹੈ। ਇਸ ਮੁਹਿੰਮ ਦੇ ਮੱਦੇਨਜ਼ਰ ਸੂਬੇ 'ਚ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਜਾਣਕਾਰੀ ਮੁਤਾਬਕ ਜਿਸ ਘਰ 'ਚ ਮੁਠਭੇੜ ਹੋਈ ਉਥੇ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ। ਕੋਰੋਨਾ ਮਹਾਂਮਾਰੀ ਦੇ ਚਲਦੇ ਪੁਲਿਸ ਨੇ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਪਰਿਵਾਰਾਂ ਨੂੰ ਸੌਂਪਣ ਤੋਂ ਇਨਕਾਰ ਕੀਤਾ ਹੈ। ਅਜਿਹਾ ਇਸ ਲਈ ਕੀਤਾ ਗਿਆ, ਕਿਉਂਕਿ ਵੱਡੀ ਗਿਣਤੀ 'ਚ ਲੋਕ ਅੱਤਵਾਦੀਆਂ ਦੇ ਅੰਤਮ ਸੰਸਕਾਰ ਸਮੇਂ ਇਕੱਠੇ ਹੋ ਸਕਦੇ ਹਨ।