ਨਵੀਂ ਦਿੱਲੀ: ਲੰਮੇ ਸਮੇਂ ਤੋਂ ਚੱਲ ਰਹੇ ਪੰਜਾਬ ਦੇ ਕਿਸਾਨਾਂ ਦੇ ਧਰਨਿਆਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। 13 ਨਵੰਬਰ ਨੂੰ ਮੋਦੀ ਸਰਕਾਰ ਦੇ ਤਿੰਨ ਮੰਤਰੀ- ਰਾਜਨਾਥ ਸਿੰਘ, ਨਰਿੰਦਰ ਤੋਮਰ ਅਤੇ ਪੀਯੂਸ਼ ਗੋਇਲ ਪੰਜਾਬ ਵਿੱਚ ਅੰਦੋਲਨਕਾਰੀ ਕਿਸਾਨ ਸੰਗਠਨਾਂ ਨੂੰ ਮਿਲਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਰਾਜਨਾਥ ਸਿੰਘ ਦੀ ਰਿਹਾਇਸ਼ 'ਤੇ ਹੋਣ ਵਾਲੀ ਇਸ ਬੈਠਕ ਵਿੱਚ ਪੰਜਾਬ ਦੇ ਕਿਸਾਨ ਅਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਵੀ ਮੌਜੂਦ ਰਹੇਗੀ। ਸੂਬੇ ਦੀ ਕਿਸਾਨ ਲੀਡਰਸ਼ਿਪ ਨੂੰ ਮੰਗਲਵਾਰ ਨੂੰ ਇਸਦੀ ਅਧਿਕਾਰਕ ਸੂਚਨਾ ਭੇਜ ਦਿੱਤੀ ਜਾਵੇਗੀ।
ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਸਥਿਤੀ ਸਪੱਸ਼ਟ ਦਿਖਾਈ ਦਿੱਤੀ ਕਿ ਫਿਲਹਾਲ ਕੇਂਦਰ ਸਿਰਫ਼ ਮਾਲ ਗੱਡੀਆਂ ਭੇਜਣ ਲਈ ਤਿਆਰ ਨਹੀਂ ਹੈ, ਬਲਕਿ ਇਸ ਦੇ ਨਾਲ ਯਾਤਰੀ ਗੱਡੀਆਂ ਵੀ ਭੇਜਣਾ ਚਾਹੁੰਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮਾਲ ਗੱਡੀਆਂ ਅਜੇ ਸ਼ੁਰੂ ਨਹੀਂ ਹੋਣਗੀਆਂ।
ਕੇਂਦਰ ਸਰਕਾਰ ਦੇ ਵਕੀਲ ਸੱਤਿਆਪਾਲ ਜੈਨ ਨੇ ਕਿਹਾ ਕਿ ਅੱਜ ਇੱਕ ਜਨਹਿੱਤ ਪਟੀਸ਼ਨ 'ਤੇ ਇੱਕ ਵਾਰ ਫਿਰ ਸੁਣਵਾਈ ਹੋਈ, ਜਿਸ ਵਿੱਚ ਪੰਜਾਬ ਨੂੰ ਮਾਲ ਗੱਡੀਆਂ ਅਤੇ ਯਾਤਰੀ ਗੱਡੀਆਂ ਦੇ ਆਉਣ ਨੂੰ ਲੈਕੇ ਸੁਣਵਾਈ ਹੋਈ।
ਸੱਤਿਆਪਾਲ ਜੈਨ ਨੇ ਕੇਂਦਰ ਦੀ ਤਰਫੋਂ ਕਿਹਾ ਕਿ ਕੇਂਦਰ ਵੱਲੋਂ ਗੱਡੀਆਂ ਨੂੰ ਰੋਕਿਆ ਨਹੀਂ ਗਿਆ ਹੈ ਬਲਕਿ ਸਥਿਤੀ ਇਹ ਹੋ ਗਈ ਹੈ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਗੱਡੀਆਂ ਨਹੀਂ ਚਲਾਈ ਜਾ ਸਕਦੀ।
ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਟੇਟਸ ਰਿਪੋਰਟ ਦਾਖਲ ਕੀਤੀ ਜਾਵੇਗੀ। ਸੱਤਿਆਪਾਲ ਜੈਨ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਜ਼ਿੰਮੇਵਾਰੀ ਲੈਣ ਲਈ ਪੰਜਾਬ ਸਰਕਾਰ ਤੋਂ ਸਪੱਸ਼ਟ ਚਾਹੁੰਦੀ ਹੈ ਕਿ ਜਦੋਂ ਦਿੱਲੀ ਤੋਂ ਰੇਲ ਗੱਡੀ ਅੰਮ੍ਰਿਤਸਰ ਪਹੁੰਚਦੀ ਹੈ, ਤਾਂ ਇਸ ਨੂੰ ਰਸਤੇ ਵਿੱਚ ਨਹੀਂ ਰੋਕਿਆ ਜਾਣਾ ਚਾਹੀਦਾ ਕਿਉਂਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਹਨ।
ਸੱਤਿਆਪਾਲ ਜੈਨ ਨੇ ਕਿਹਾ ਕਿ ਜੇ ਮਾਲ ਗੱਡੀਆਂ ਦੀ ਲੋੜ ਹੈ ਤਾਂ ਯਾਤਰੀ ਰੇਲ ਗੱਡੀਆਂ ਦੀ ਵੀ ਲੋੜ ਹੈ ਕਿਉਂਕਿ ਲੋਕ ਤਿਉਹਾਰਾਂ ਲਈ ਆਉਂਦੇ ਜਾਉਂਦੇ ਰਹਿੰਦੇ ਹਨ। ਜੇ ਕਿਸਾਨਾਂ ਨੇ ਮਾਲ ਦੀਆਂ ਗੱਡੀਆਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ, ਤਾਂ ਉਨ੍ਹਾਂ ਨੂੰ ਯਾਤਰੀ ਗੱਡੀਆਂ ਨੂੰ ਵੀ ਨਹੀਂ ਰੋਕਣਾ ਚਾਹੀਦਾ।
ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਪੱਸ਼ਟ ਕੀਤਾ ਕਿ 13 ਤਰੀਖ ਨੂੰ ਕਿਸਾਨ ਕੇਂਦਰ ਦੇ ਤਿੰਨ ਮੰਤਰੀਆਂ ਨਾਲ ਮੁਲਾਕਾਤ ਕਰਨਗੇ, ਜਿਨ੍ਹਾਂ ਵਿੱਚ ਰੇਲਵੇ ਮੰਤਰੀ ਪੀਯੂਸ਼ ਗੋਇਲ, ਖੇਤੀਬਾੜੀ ਮੰਤਰੀ ਤੋਮਰ ਅਤੇ ਰਾਜਨਾਥ ਸਿੰਘ ਤੇ ਪੰਜਾਬ ਤੋਂ ਆਗੂ ਸ਼ਾਮਲ ਹੋਣਗੇ।