ਰਤਨੂਚੱਕ: ਆਰਮੀ ਸਟੇਸ਼ਨ(ਫੌਜੀ ਕੈਂਪ) ਰਤਨੂਚੱਕ ਦੀ ਜਾਣਕਾਰੀ ਪਾਕਿਸਤਾਨ ਭੇਜਣ ਦਾ ਇੱਕ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ। ਫੌਜ ਨੇ ਇਸ ਮਾਮਲੇ ਵਿੱਚ 2 ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਜੋ ਆਪਣੇ ਮੋਬਾਈਲ ਫੋਨ ਰਾਹੀਂ ਵੀਡੀਓਗ੍ਰਾਫ਼ੀ ਅਤੇ ਫੋਟੋਗ੍ਰਾਫੀ ਕਰ ਰਹੇ ਸਨ। ਕਾਬੂ ਕੀਤੇ ਗਏ ਮੁਲਜ਼ਮਾਂ ਤੋਂ 2 ਮੋਬਾਈਲ ਫੋਨ ਬਰਾਮਦ ਹੋਏ ਹਨ, ਜਿਸ ਦੀ ਪੜਤਾਲ ਕਰਨ 'ਤੇ ਮੋਬਾਈਲ ਫੋਨ ਚੋਂ ਇੱਕ ਦਰਜਨ ਤੋਂ ਵੱਧ ਪਾਕਿਸਤਾਨੀ ਨੰਬਰ ਮਿਲੇ ਅਤੇ ਇੱਕ ਪਾਕਿਸਤਾਨ ਦੇ ਨੰਬਰ 'ਤੇ ਸ਼ੱਕੀਆਂ ਵੱਲੋਂ ਵੀਡੀਓ ਵੀ ਭੇਜਿਆ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਕ 2 ਵਿਅਕਤੀ ਰਤਨੂਚਕ ਇਲਾਕੇ 'ਚ ਸ਼ੱਕੀ ਹਾਲਾਤ ਵਿੱਚ ਦੇਖੇ ਗਏ, ਜਿਸ ਦੀ ਜਾਣਕਾਰੀ ਫੌਜੀ ਜਵਾਨਾ ਵੱਲੋਂ ਫੌਜ ਦੇ ਅਫ਼ਸਰਾਂ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚ ਕੇ ਫੌਜ ਦੇ ਅਫ਼ਸਰਾ ਨੇ ਦੋਵਾਂ ਸ਼ੱਕੀ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਮੀਰ ਸਾਹਿਬ ਜਵਾਇੰਟ ਇੰਟਰੋਗੇਸ਼ਨ ਸੈਂਟਰ ਵਿਖੇ ਇਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਅਤੇ ਖ਼ੁਫੀਆ ਏਜੰਸੀਆਂ ਮਾਮਲੇ ਦੀ ਪੜਤਾਲ ਕਰ ਰਹੀਆਂ ਹਨ। ਫੜੇ ਗਏ ਸ਼ੱਕੀਆਂ ਦੀ ਪਹਿਚਾਣ ਰਾਜੋਰੀ ਨਿਵਾਸੀ ਨਈਮ ਅਖ਼ਤਰ ਅਤੇ ਕਠੁਆ ਮਲਾਰ ਨਿਵਾਸੀ ਮਸਤਾਕ ਅਹਿਮਦ ਵੱਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਤੋਂ ਭਾਰਤ ਅਤੇ ਜੰਮੂ ਕਸ਼ਮੀਰ ਦਾ ਇੱਕ ਨਕਸ਼ਾ(ਮੈਪ) ਵੀ ਬਰਾਮਦ ਹੋਇਆ, ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਸ਼ੱਕੀ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਲਈ ਆਏ ਸਨ। ਗ੍ਰਿਫ਼ਤਾਰੀ ਸਮੇਂ ਸ਼ੱਕੀ ਵ੍ਹੱਟਸਐਪ ਰਾਹੀਂ ਵੀਡੀਓ ਪਾਕਿਸਤਾਨ ਭੇਜ ਰਹੇ ਸਨ।