ਨਵੀਂ ਦਿੱਲੀ: ਰਾਜਧਾਨੀ 'ਚ ਲਗਾਤਾਰ ਅੱਤਵਾਦੀ ਹਮਲੇ ਦਾ ਖਤਰਾ ਬਣਿਆ ਹੋਇਆ ਹੈ। ਇਸ ਸਬੰਧੀ ਯੂਪੀ ਪੁਲਿਸ ਵੱਲੋਂ ਦਿੱਲੀ ਪੁਲਿਸ ਨੂੰ ਅਲਰਟ ਵੀ ਦਿੱਤਾ ਗਿਆ ਹੈ। ਇਸ 'ਚ ਉਸ ਨੇ ਦੱਸਿਆ ਹੈ ਕਿ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਇੰਡੀਆ ਸੈੱਲ ਤੋਂ ਇਕ ਮੇਲ ਆਇਆ ਹੈ, ਜਿਸ 'ਚ ਜਲਦ ਹੀ ਦਿੱਲੀ 'ਤੇ ਹਮਲਾ ਕਰਨ ਦੀ ਗੱਲ ਕਹੀ ਗਈ ਹੈ। ਯੂਪੀ ਪੁਲਿਸ ਤੋਂ ਮਿਲੀ ਸੂਚਨਾ ਤੋਂ ਬਾਅਦ ਦਿੱਲੀ ਪੁਲਿਸ ਅਲਰਟ 'ਤੇ ਹੈ ਅਤੇ ਸਾਰੇ ਪ੍ਰਮੁੱਖ ਬਾਜ਼ਾਰਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਰਾਜਧਾਨੀ 'ਚ ਦੋ ਵਾਰ ਆਈਈਡੀ ਮਿਲੇ ਹਨ, ਜਿਸ ਤੋਂ ਬਾਅਦ ਅੱਤਵਾਦੀ ਫ਼ਰਾਰ ਹਨ। ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੂੰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਦਾ ਇੱਕ ਮੇਲ ਮਿਲਿਆ ਹੈ। ਦੱਸਿਆ ਗਿਆ ਹੈ ਕਿ ਉਹ ਦਿੱਲੀ 'ਚ ਵੱਡਾ ਅੱਤਵਾਦੀ ਹਮਲਾ ਕਰੇਗਾ।
ਇਹ ਹਮਲਾ ਕਿਸੇ ਵੀ ਬਜ਼ਾਰ ਵਿੱਚ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਯੂਪੀ ਪੁਲਿਸ ਨੇ ਇਹ ਜਾਣਕਾਰੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨਾਲ ਸਾਂਝੀ ਕੀਤੀ ਹੈ। ਸਪੈਸ਼ਲ ਸੈੱਲ ਨੇ ਇਸ ਸਬੰਧੀ ਦਿੱਲੀ ਪੁਲਿਸ ਨੂੰ ਚੌਕਸ ਕਰ ਦਿੱਤਾ ਹੈ ਅਤੇ ਖਾਸ ਤੌਰ ’ਤੇ ਸਾਰੇ ਬਾਜ਼ਾਰਾਂ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ CRPF ਕੈਂਪ 'ਤੇ ਗ੍ਰੇਨੇਡ ਸੁੱਟਣ ਦੇ ਦੋਸ਼ 'ਚ ਤਿੰਨ ਗ੍ਰਿਫ਼ਤਾਰ
ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਲਿਸ ਦੀ ਇਕ ਟੀਮ ਨੇ ਇਸ ਸਬੰਧੀ ਸਰੋਜਨੀ ਨਗਰ ਬਾਜ਼ਾਰ 'ਚ ਜਾਂਚ ਸ਼ੁਰੂ ਕੀਤੀ। ਹਰ ਜਗ੍ਹਾ ਛਾਣਬੀਣ ਕਰਨ 'ਤੇ ਦੇਖਿਆ ਗਿਆ ਕਿ ਉਥੇ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਬਾਜ਼ਾਰ ਵੀ ਕੁਝ ਸਮੇਂ ਲਈ ਬੰਦ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਈਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਈ-ਮੇਲ 'ਚ ਭੇਜੀ ਗਈ ਸਮੱਗਰੀ ਨੂੰ ਲੈ ਕੇ ਪੁਲਿਸ ਅਲਰਟ ਵੀ ਹੈ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਹਾਲ ਹੀ 'ਚ ਭੋਪਾਲ 'ਚ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਦੇ 9 ਸੂਬਿਆਂ 'ਚ ਅੱਤਵਾਦੀ ਹਮਲੇ ਦਾ ਖਤਰਾ ਹੈ। ਇੱਥੇ ਅੱਤਵਾਦੀ ਸਰਗਰਮ ਹਨ ਅਤੇ ਉਹ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ। ਇਸ ਸਮੇਂ ਸੀਨੀਅਰ ਅਧਿਕਾਰੀਆਂ ਵੱਲੋਂ ਸਾਰੇ ਜ਼ਿਲ੍ਹੇ ਦੇ ਡੀਸੀਪੀਜ਼ ਨੂੰ ਆਪਣੇ ਖੇਤਰ ਵਿੱਚ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।